ਅਕਸਾਈ ਚੀਨ ਵਿੱਚ ਚੀਨ ਦੀਆਂ ਪ੍ਰਸ਼ਾਸਨਿਕ ਤਬਦੀਲੀਆਂ: ਭਾਰਤ ਲਈ ਦੀਰਘਕਾਲੀਨ ਚੁਣੌਤੀਆਂ
26 ਮਾਰਚ ਨੂੰ, ਚੀਨ ਦੀ ਸਟੇਟ ਕੌਂਸਲ ਨੇ ਸ਼ਿਨਜਿਆਂਗ ਵਿੱਚ ' ਸੈਂਲਿੰਗ ' ਨਾਮਕ ਇੱਕ ਨਵੇਂ ਕਾਊਂਟੀ-ਪੱਧਰੀ (ਜ਼ਿਲ੍ਹਾ-ਪੱਧਰੀ) ਪ੍ਰਸ਼ਾਸਨਿਕ ਇਕਾਈ ਦੀ ਸਥਾਪਨਾ ਦਾ ਐਲਾਨ ਕੀਤਾ। ਚੀਨ ਦੀ ਰਾਜਨੀਤਿਕ-ਪ੍ਰਸ਼ਾਸਨਿਕ ਪ੍ਰਣਾਲੀ ਵਿੱਚ ਕਾਊਂਟੀ ਜ਼ਿਲ੍ਹਾ-ਪੱਧਰ ਦੀ ਇੱਕ ਪ੍ਰਸ਼ਾਸਨਿਕ ਇਕਾਈ ਦੇ ਸਮਾਨ ਹੁੰਦੀ ਹੈ। ਇਸ ਨਵੀਂ ਇਕਾਈ ਦਾ ਗਠਨ ਕਾਰਗਿਲਿਕ ਕਾਊਂਟੀ (ਚੀਨੀ ਨਾਮ: ਯੇਚੇਂਗ ਕਾਊਂਟੀ) ਦੇ ਪ੍ਰਸ਼ਾਸਨਿਕ ਪੁਨਰਗਠਨ ਦੇ ਨਤੀਜੇ ਵਜੋਂ ਕੀਤਾ ਗਿਆ ਹੈ। ਇਹ ਖੇਤਰ ਕਾਸ਼ਗਰ ਪ੍ਰੀਫੈਕਚਰ ਦੇ ਅਧੀਨ ਅਕਸਾਈ ਚਿਨ ਦੇ ਪੱਛਮੀ ਹਿੱਸੇ ਵਿੱਚ ਸਥਿਤ ਹੈ।
ਭਾਰਤ ਦੇ ਵਿਦੇਸ਼ ਮੰਤਰਾਲੇਨੇ ਇਸ ਮਾਮਲੇ 'ਤੇ ਮੀਡੀਆ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ ਲਈ ਦੋ ਹਫ਼ਤਿਆਂ ਤੋਂ ਵੱਧ ਸਮਾਂ ਲਿਆ,ਆਪਣੇ ਜਵਾਬ ਵਿੱਚ ਮੰਤਰਾਲੇ ਨੇ ਸਪੱਸ਼ਟ ਅਤੇ ਦ੍ਰਿੜ੍ਹ ਸ਼ਬਦਾਂ ਵਿੱਚ ਕਿਹਾ ਕਿ ਉਹ "ਚੀਨੀ ਪੱਖ ਵੱਲੋਂ ਭਾਰਤ ਦੇ ਅਟੁੱਟ ਭੂ-ਖੇਤਰ ਦਾ ਹਿੱਸਾ ਬਣਦੇ ਸਥਾਨਾਂ ਨੂੰ ਮਨਘੜਤ ਤੇ ਗੈਰ-ਅਸਲੀ ਨਾਮ ਦੇਣ ਦੇ ਕਿਸੇ ਵੀ ਭ੍ਰਮਾਤਮਕ ਯਤਨ ਨੂੰ ਸਪੱਸ਼ਟ ਤੌਰ 'ਤੇ ਰੱਦ ਕਰਦਾ ਹੈ।"ਨਵੀਂ ਦਿੱਲੀ ਦਾ ਇਹ ਅਧਿਕਾਰਕ ਬਿਆਨ ਸ਼ਾਇਦ ਜਨਵਰੀ 2025 ਵਿੱਚ ਦਿੱਤੀ ਗਈ ਪ੍ਰਤੀਕਿਰਿਆ ਦੇ ਮੁਕਾਬਲੇ ਕੁਝ ਵੱਧ ਸਖ਼ਤ ਅਤੇ ਸਪੱਸ਼ਟ ਸ਼ਬਦਾਂ ਵਿੱਚ ਪ੍ਰਗਟ ਕੀਤਾ ਗਿਆ ਸੀ। ਉਸ ਸਮੇਂ ਦਸੰਬਰ 2024 ਵਿੱਚ ਅਕਸਾਈ ਚਿਨ ਦੇ ਪੂਰਬੀ ਹਿੱਸੇ ਵਿੱਚ, ਹੋਤਾਨ ਪ੍ਰੀਫੈਕਚਰ ਅਧੀਨ ਹੇਆਨ (He'an) ਅਤੇ ਹੇਕਾਂਗ (Hekang) ਨਾਮਕ ਦੋ ਨਵੀਆਂ ਕਾਊਂਟੀਆਂ ਦੀ ਸਥਾਪਨਾ ਦੇ ਸੰਦਰਭ ਵਿੱਚ ਭਾਰਤ ਨੇ ਆਪਣੀ ਪ੍ਰਤੀਕਿਰਿਆ ਦਰਜ ਕਰਵਾਈ ਸੀ।
ਹਾਲਾਂਕਿ, ਵਿਦੇਸ਼ ਮੰਤਰਾਲੇ ਵੱਲੋਂ ਅਜਿਹੇ ਮਾਮਲਿਆਂ ਵਿੱਚ ਦੇਰੀ ਨਾਲ ਅਤੇ ਸੰਖੇਪ ਰੂਪ ਵਿੱਚ ਦਿੱਤੀਆਂ ਜਾਣ ਵਾਲੀਆਂ ਪ੍ਰਤੀਕਿਰਿਆਵਾਂ ਇਸ ਹਕੀਕਤ ਨੂੰ ਨਹੀਂ ਢੱਕ ਸਕਦੀਆਂ ਕਿ ਅਕਸਾਈ ਚਿਨ ਅਤੇ ਅਰੁਣਾਚਲ ਪ੍ਰਦੇਸ਼ ਨਾਲ ਲੱਗਦੇ ਸਰਹੱਦੀ ਖੇਤਰਾਂ ਵਿੱਚ ਚੀਨ ਦੁਆਰਾ ਕੀਤੀਆਂ ਜਾ ਰਹੀਆਂ ਪ੍ਰਸ਼ਾਸਨਿਕ ਤਬਦੀਲੀਆਂ, ਅਤੇ ਹਾਲੀਆ ਸਾਲਾਂ ਵਿੱਚ ਅਰੁਣਾਚਲ ਪ੍ਰਦੇਸ਼ ਦੇ ਅੰਦਰ ਸਥਾਨਾਂ ਦੇ ਨਾਮ ਬਦਲਣ ਦੀ ਉਸਦੀ ਨੀਤੀ, ਭਾਰਤ ਲਈ ਮਹੱਤਵਪੂਰਨ ਰਣਨੀਤਿਕ, ਰਾਜਨੀਤਿਕ ਅਤੇ ਭੂ-ਖੇਤਰੀ ਨਿਹਿਤਾਰਥ ਰੱਖਦੀਆਂ ਹਨ।ਜਿੱਥੇ ਚੀਨ ਵੱਲੋਂ ਸਥਾਨਾਂ ਦੇ ਨਾਮ ਬਦਲਣ ਦਾ ਉਦੇਸ਼ ਭਾਰਤੀ ਖੇਤਰ ਉੱਤੇ ਆਪਣੇ ਦਾਅਵੇ ਨੂੰ ਜਾਇਜ਼ ਠਹਿਰਾਉਣਾ ਹੈ, ਨਵੀਆਂ ਪ੍ਰਸ਼ਾਸਨਿਕ ਇਕਾਈਆਂ ਦੀ ਸਥਾਪਨਾ ਜਾਂ ਉਨ੍ਹਾਂ ਦੀ ਪ੍ਰਸ਼ਾਸਨਿਕ ਸਥਿਤੀ ਅਤੇ ਦਰਜੇ ਵਿੱਚ ਤਬਦੀਲੀ ਕਰਨ ਦਾ ਮੰਤਵ, ਹੋਰ ਉਦੇਸ਼ਾਂ ਦੇ ਨਾਲ-ਨਾਲ, ਇਸ ਖੇਤਰ ਵਿੱਚ ਖ਼ਾਨਾਬਦੋਸ਼ ਆਬਾਦੀਆਂ ਅਤੇ ਚੀਨ ਦੇ ਅੰਦਰੂਨੀ ਪ੍ਰਾਂਤਾਂ ਤੋਂ ਆਏ ਹਾਨ ਭਾਈਚਾਰੇ ਦੀ ਸਥਾਈ ਵਸੋਂ ਨੂੰ ਉਤਸ਼ਾਹਿਤ ਕਰਨਾ ਵੀ ਹੈ।
ਭਾਰਤ ਨਾਲ ਅਸਲ ਨਿਯੰਤਰਣ ਰੇਖਾ 'ਤੇ ਸਾਲ ੨੦੨੦ ਵਿੱਚ ਬਲ-ਪ੍ਰਯੋਗ ਕਰਨ ਦੀ ਚੀਨ ਦੀ ਤਤਪਰਤਾ ਦੇ ਪ੍ਰਸੰਗ ਵਿੱਚ ਵੇਖਿਆ ਜਾਵੇ ਤਾਂ, ਇਹ ਪ੍ਰਸ਼ਾਸਨਿਕ ਜਾਪਣ ਵਾਲੇ ਕਦਮ ਦਰਸਾਉਂਦੇ ਹਨ ਕਿ ਭਾਰਤ-ਚੀਨ ਸਰਹੱਦੀ ਵਿਵਾਦ ਪ੍ਰਤੀ ਚੀਨ ਦਾ ਧਿਆਨ ਨਿਰੰਤਰ ਕੇਂਦਰਿਤ ਹੈ। ਨਾਲ ਹੀ, ਇਹ ਕਦਮ ਵਿਵਾਦ ਦੀ ਸਥਿਤੀ ਨੂੰ ਆਪਣੇ ਹੱਕ ਵਿੱਚ ਰਚਨਾਤਮਕ ਅਤੇ ਕ੍ਰਮਬੱਧ ਢੰਗ ਨਾਲ ਢਾਲਣ ਦੇ ਚੀਨ ਦੇ ਯਤਨਾਂ ਨੂੰ ਵੀ ਉਜਾਗਰ ਕਰਦੇ ਹਨ।
ਚੀਨ ਦੇ ਉਦੇਸ਼
ਸੈਂਲਿੰਗ ਕਾਉਂਟੀ ਦੇ ਗਠਨ ਦਾ ਅਧਿਕਾਰਕ ਐਲਾਨ, ਇੱਕ ਸਾਲ ਲੰਬੀਆਂ ਤਿਆਰੀਆਂ ਦਾ ਨਤੀਜਾ ਹੈ, ਜਿਨ੍ਹਾਂ ਦੇ ਤਹਿਤ ਨਵੇਂ ਪਿੰਡਾਂ ਅਤੇ ਟਾਊਨਸ਼ਿਪਾਂ ਦੀ ਰਚਨਾ ਕੀਤੀ ਗਈ, ਜਿਸ ਵਿੱਚ ਨਵੀਂ ਕਾਊਂਟੀ ਮੁੱਖਾਲਾ ਵਜੋਂ ਸ਼ਿਨਹੁਆ ਟਾਊਨ ਵੀ ਸ਼ਾਮਲ ਹੈ।ਸੈਂਲਿੰਗ ਕਾਉਂਟੀ ਦੀ ਆਬਾਦੀ, ੨੦੨੦ ਦੀ ਤਾਜ਼ਾ ਜਨਗਣਨਾ ਅਨੁਸਾਰ, ਲਗਭਗ ੬੬੦੦ ਹੈ ਅਤੇ ਇਸਦੀ ਅਰਥਵਿਵਸਥਾ ਮੁੱਖ ਤੌਰ 'ਤੇ ਖੇਤੀਬਾੜੀ ਅਤੇ ਪਸ਼ੂ ਪਾਲਣ 'ਤੇ ਅਧਾਰਤ ਹੈ। ਪਿਛਲੇ ਦਹਾਕੇ ਦੌਰਾਨ, ਹਾਨ ਆਬਾਦੀ ਵਿੱਚ ਹੌਲੀ-ਹੌਲੀ ਵਾਧਾ ਹੋਇਆ ਹੈ, ਜਿਸ ਦਾ ਮੁੱਖ ਕਾਰਨ ਸ਼ਿਨਜਿਆਂਗ ਪ੍ਰੋਡਕਸ਼ਨ ਐਂਡ ਕਨਸਟਰਕਸ਼ਨ ਕੋਰਪਸ ਦੁਆਰਾ ਚਲਾਏ ਜਾਂਦੇ ਖੇਤੀਬਾੜੀ ਫਾਰਮ ਹਨ।, ਇਹ ਸੰਸਥਾ ਇੱਕ ਅਰਧ-ਸੈਨਿਕ ਸੰਗਠਨ ਹੋਣ ਦੇ ਨਾਲ-ਨਾਲ ਇੱਕ ਰਾਜ ਮਾਲਕੀ ਵਾਲਾ ਉਦਯਮ ਵੀ ਹੈ।
ਦੁਨੀਆ ਦੇ ਹੋਰ ਦੇਸ਼ਾਂ ਵਾਂਗ, ਚੀਨੀ ਅਧਿਕਾਰੀ ਵੀ ਵੱਖ-ਵੱਖ ਕਾਰਨਾਂ ਕਰਕੇ ਪੇਂਡੂ ਪ੍ਰਸ਼ਾਸਨਿਕ ਇਕਾਈਆਂ ਦਾ ਪ੍ਰਸ਼ਾਸਨਿਕ ਦਰਜਾ ਬਦਲਦੇ ਹਨ ਅਤੇ ਦੇਸ਼ ਭਰ ਵਿੱਚ ਨਵੀਆਂ ਇਕਾਈਆਂ ਦੀ ਸਥਾਪਨਾ ਕਰਦੇ ਹਨ। ਜਿਨ੍ਹਾਂ ਵਿੱਚ ਪ੍ਰਸ਼ਾਸਨਿਕ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਉਣਾ ਅਤੇ ਕਾਊਂਟੀ-ਪੱਧਰ ਦੇ ਪ੍ਰਸ਼ਾਸਨਾਂ ਨੂੰ ਆਮਦਨੀ ਅਤੇ ਜ਼ਮੀਨ ਨਾਲ ਸੰਬੰਧਿਤ ਮਾਮਲਿਆਂ 'ਤੇ ਵੱਧ ਅਧਿਕਾਰ ਦੇਣਾ ਸ਼ਾਮਲ ਹੈ।
ਹਾਲਾਂਕਿ, ਚੀਨ ਦੇ ਪ੍ਰਸ਼ਾਸਕੀ ਤਬਦੀਲੀਆਂ ਦੇ ਲੰਮੇ-ਮਿਆਦ ਦੇ ਉਦੇਸ਼ ਉਹਨਾਂ ਵਿਰਲ ਆਬਾਦੀ ਵਾਲੇ ਅਤੇ ਰਾਜਨੀਤਿਕ ਤੌਰ 'ਤੇ ਅਸਥਿਰ ਖੇਤਰਾਂ ਵਿੱਚ ਵੱਖਰੇ ਹਨ, ਜਿਵੇਂ ਕਿ ਨਸਲੀ ਘੱਟਗਿਣਤੀ ਵਾਲੇ ਸੂਬੇ, ਜਿੱਥੇ ਆਬਾਦੀ ਵਿੱਚ ਵਾਧਾ ਨਹੀਂ ਹੋ ਰਿਹਾ ਅਤੇ ਉਦਯੋਗੀਕਰਨ ਦਾ ਪੱਧਰ ਵੀ ਕਾਫ਼ੀ ਘੱਟ ਹੈ।
ਸੈਨਲਿੰਗ ਅਤੇ ਹੋਰ ਘੱਟਗਿਣਤੀ ਖੇਤਰਾਂ ਵਿੱਚ ਚੀਨ ਦਾ ਮੁੱਖ ਉਦੇਸ਼ ਨਾ ਤਾਂ ਉਦਯੋਗੀਕਰਨ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਨਾ ਹੀ ਪ੍ਰਸ਼ਾਸਨਿਕ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਉਣਾ। ਸਗੋਂ ,ਇਸ ਦੀ ਬਜਾਏ ਇੱਕ ਮਹੱਤਵਪੂਰਨ ਉਦੇਸ਼ ਇਨ੍ਹਾਂ ਖੇਤਰਾਂ ਵਿੱਚ ਰਾਜ ਦੀ ਮੌਜੂਦਗੀ ਅਤੇ ਨਿਯੰਤਰਣ ਨੂੰ ਹੋਰ ਮਜ਼ਬੂਤ ਕਰਨਾ ਹੈ।ਅੰਦਰੂਨੀ ਚੀਨੀ ਸੂਬਿਆਂ ਤੋਂ ਹਾਨ ਭਾਈਚਾਰੇ ਦੇ ਲੋਕਾਂ ਦੇ ਪ੍ਰਵਾਸ ਨੂੰ ਉਤਸ਼ਾਹਿਤ ਕਰਕੇ ਅਤੇ ਖਾਨਾਬਦੋਸ਼ ਭਾਈਚਾਰਿਆਂ ਨੂੰ ਜ਼ਬਰਦਸਤੀ ਸਥਾਈ ਤੌਰ 'ਤੇ ਵਸਾਉਣ ਰਾਹੀਂ, ਚੀਨੀ ਅਧਿਕਾਰੀ ਨਸਲੀ ਘੱਟਗਿਣਤੀਆਂ ਵਿੱਚ ਮੌਜੂਦ ਅਸੰਤੋਸ਼ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਖ਼ਾਸ ਤੌਰ 'ਤੇ ਕੁਨਲੁਨ ਪਹਾੜਾਂ ਦੇ ਦੱਖਣੀ ਖੇਤਰਾਂ—ਜਿਨ੍ਹਾਂ ਵਿੱਚ ਅਕਸਾਈ ਚਿਨ ਵੀ ਸ਼ਾਮਲ ਹੈ—ਜਿੱਥੇ ਉਇਘੁਰ ਨਸਲੀ ਘੱਟਗਿਣਤੀ ਦਾ ਪ੍ਰਭਾਵ ਸਭ ਤੋਂ ਵੱਧ ਹੈ।ਇਸੇ ਤਰ੍ਹਾਂ ਦੇ ਉਦੇਸ਼ ਤਿਬਤ ਸਵਾਇੱਤ ਖੇਤਰ (ਟੀ.ਏ.ਆਰ.)ਦੇ ਪੂਰਬੀ ਹਿੱਸੇ ਵਿੱਚ ਵੀ ਵੇਖਣ ਨੂੰ ਮਿਲਦੇ ਹਨ, ਜਿੱਥੇ ੨੦੨੩ਵਿੱਚ ਦੋ ਗ੍ਰਾਮੀਣ ਜ਼ਿਲ੍ਹਿਆਂ —ਲ੍ਹੋਕਾ ਵਿੱਚ ਤਵਾਂਗ ਜ਼ਿਲ੍ਹੇ ਦੇ ਸਾਹਮਣੇ ਸਥਿਤ ਤਸੋਨਾ ਅਤੇ ਨਿੰਗਚੀ ਵਿੱਚ ਅਰੁਣਾਚਲ ਪ੍ਰਦੇਸ਼ ਦੇ ਸਿਆਂਗ ਜ਼ਿਲ੍ਹੇ ਦੇ ਸਾਹਮਣੇ ਸਥਿਤ ਮੇਨਲਿੰਗ—ਨੂੰ ਪ੍ਰਸ਼ਾਸਨਿਕ ਤੌਰ 'ਤੇ ਉੱਚਾ ਦਰਜਾ ਦੇ ਕੇ ਕਾਊਂਟੀ-ਸ਼ਹਿਰਾਂ ਵਿੱਚ ਤਬਦੀਲ ਕੀਤਾ ਗਿਆ।
ਭਾਰਤ ਲਈ ਪ੍ਰਭਾਵ
ਨਵੀਂ ਬਣਾਈਆਂ ਗਈਆਂ ਪ੍ਰਸ਼ਾਸਨਿਕ ਇਕਾਈਆਂ, ਜਿਨ੍ਹਾਂ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਸਥਿਤ ਸ਼ਿਆਓਕਾਂਗ ਪਿੰਡ (Xiaokang Cun)—ਅਰਥਾਤ ਨਵੇਂ ਵਸਾਏ ਜਾਂ ਪੁਨਰਜੀਵਿਤ ਕੀਤੇ ਗਏ ਪਿੰਡ—ਵੀ ਸ਼ਾਮਲ ਹਨ, ਵਿੱਚ ਖਾਨਾਬਦੋਸ਼ ਆਬਾਦੀ ਨੂੰ ਜ਼ਬਰਦਸਤੀ ਸਥਾਈ ਤੌਰ 'ਤੇ ਵਸਾਉਣਾ ਅਤੇ ਚੀਨ ਦੇ ਹੋਰ ਹਿੱਸਿਆਂ ਤੋਂ ਹਾਨ ਭਾਈਚਾਰੇ ਦੇ ਲੋਕਾਂ ਦਾ ਵੱਡੇ ਪੱਧਰ 'ਤੇ ਆਗਮਨ, ਭਾਰਤ ਲਈ ਕਈ ਲੰਬੇ ਸਮੇਂ ਵਾਲੇ ਪ੍ਰਭਾਵ ਪੈਦਾ ਕਰ ਸਕਦਾ ਹੈ।
ਸਭ ਤੋਂ ਪਹਿਲਾਂ, ਖਾਨਾਬਦੋਸ਼ ਭਾਈਚਾਰਿਆਂ ਨੂੰ ਜ਼ਬਰਦਸਤੀ ਸਥਾਈ ਤੌਰ 'ਤੇ ਵਸਾਉਣ ਅਤੇ ਉਨ੍ਹਾਂ ਉੱਤੇ ਚੀਨੀ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਨਿਯੰਤਰਣ ਵਧਣ ਕਾਰਨ, ਇਨ੍ਹਾਂ ਭਾਈਚਾਰਿਆਂ ਲਈ ਆਪਣੀਆਂ ਰਵਾਇਤੀ ਜੀਵਨ-ਪ੍ਰਥਾਵਾਂ, ਸੱਭਿਆਚਾਰ ਅਤੇ ਭਾਸ਼ਾ ਨੂੰ ਸੰਭਾਲ ਕੇ ਰੱਖਣਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ।ਇਸ ਤੋਂ ਇਲਾਵਾ, ਸਰਹੱਦ ਪਾਰ ਮੌਜੂਦ ਸੀਮਿਤ ਸੱਭਿਆਚਾਰਕ ਅਤੇ ਪਰਿਵਾਰਕ ਸਬੰਧ—ਜਿਵੇਂ ਕਿ ਪੂਰਬੀ ਖੇਤਰ ਵਿੱਚ ਅਸਲ ਕੰਟਰੋਲ ਰੇਖਾ ਦੇ ਦੋਹਾਂ ਪਾਸਿਆਂ ਰਹਿੰਦੇ ਕੁਝ ਨਸਲੀ ਸਮੂਹਾਂ ਵਿਚਕਾਰ ਮੌਜੂਦ ਹਨ—ਨੂੰ ਕਾਇਮ ਰੱਖਣਾ ਵੀ ਲਗਭਗ ਅਸੰਭਵ ਹੋ ਜਾਂਦਾ ਹੈ।
ਦੂਜਾ, ਸਰਹੱਦੀ ਖੇਤਰਾਂ ਦੇ ਨੇੜੇ ਵਫ਼ਾਦਾਰ ਹਾਨ ਆਬਾਦੀ ਦੀ ਵਧਦੀ ਗਿਣਤੀ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.)ਦੀ ਵੱਡੀ ਮੌਜੂਦਗੀ ਨੂੰ ਲੰਬੇ ਸਮੇਂ ਤੱਕ ਕਾਇਮ ਰੱਖਣ ਵਿੱਚ ਮਦਦ ਕਰ ਸਕਦੀ ਹੈ।
ਤੀਜਾ, ਜਿੰਨੇ ਨੇੜੇ ਚੀਨੀ ਬਸਤੀਆਂ ਅਸਲ ਕੰਟਰੋਲ ਰੇਖਾ ਐਲ.ਏ.ਸੀ. ਤੱਕ ਆਉਂਦੀਆਂ ਜਾਣਗੀਆਂ, ਉੱਨੀ ਹੀ ਘੱਟ ਸੰਭਾਵਨਾ ਰਹੇਗੀ ਕਿ ਉਹ ਭਾਰਤ ਨਾਲ ਸਰਹੱਦੀ ਵਿਵਾਦ ਦੇ ਕਿਸੇ ਵੀ ਹੱਲ ਦੇ ਹਿੱਸੇ ਵਜੋਂ ਲੋੜੀਂਦੇ ਵੱਡੇ ਖੇਤਰੀ ਸਮਝੌਤਿਆਂ ਜਾਂ ਇਲਾਕਾਈ ਛੋੜ ਨੂੰ ਸਵੀਕਾਰ ਕਰਨ।
ਉਦਾਹਰਣ ਲਈ, ਤਿੱਬਤ ਸਵਾਯੱਤ ਖੇਤਰ (ਟੀ.ਏ.ਆਰ) ਵਿੱਚ ਸੋਨਾ ਜ਼ਿਲ੍ਹੇ ਜ਼ਿਲ੍ਹੇ ਦੇ ਨਵੇਂ ਜ਼ਿਲ੍ਹਾ ਮੁੱਖ ਦਫ਼ਤਰ (ਕਾਊਂਟੀ ਸੀਟ) ਨੂੰ ਸੋਨਾ ਕਸਬੇ ਤੋਂ ਬਦਲ ਕੇ ਮਾਮਾ ਮੋਨਪਾ ਕਸਬੇ ਵਿੱਚ ਤਬਦੀਲ ਕਰਨਾ — ਜੋ ਕਿ ਹੋਰ ਦੂਰ ਹੈ ਅਤੇ ਜਿਸਦੀ ਆਬਾਦੀ ਸਿਰਫ਼ 167 ਲੋਕਾਂ ਦੀ ਹੈ, ਪਰ ਤਵਾਂਗ ਦੇ ਸਾਹਮਣੇ ਆਫ਼ ਐਕਚੁਅਲ ਕੰਟਰੋਲ (ਐਲ.ਏ.ਸੀ. )ਦੇ ਜ਼ਿਆਦਾ ਨੇੜੇ ਹੈ — ਇਹ ਦਰਸਾਉਂਦਾ ਹੈ ਕਿ ਮਾਮਾ ਮੋਨਪਾ ਹੁਣ ਵਧੇਰੇ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਟੀਚਾ ਹੋਵੇਗਾ ਅਤੇ ਇਸ ਦੇ ਇੱਕ ਵੱਡੇ ਸ਼ਹਿਰੀ ਕੇਂਦਰ ਵਜੋਂ ਵਿਕਸਿਤ ਹੋਣ ਦੀ ਸੰਭਾਵਨਾ ਹੈ।
ਚੌਥਾ, ਚੀਨ ਵੱਲੋਂ ਆਪਣੇ ਸਰਹੱਦੀ ਖੇਤਰਾਂ ਵਿੱਚ ਸ਼ਹਿਰੀਕਰਨ ਦੇ ਯਤਨ ਇਸ ਤਰ੍ਹਾਂ ਤਿਆਰ ਕੀਤੇ ਜਾ ਰਹੇ ਹਨ ਕਿ ਉਹ ਆਰਥਿਕ ਵਿਕਾਸ ਅਤੇ ਗੁਆਂਢੀ ਦੇਸ਼ਾਂ ਨਾਲ ਸੰਬੰਧਤ ਵਪਾਰਕ ਅਤੇ ਹੋਰ ਮੌਕਿਆਂ ਨੂੰ ਵੀ ਸਮਰਥਨ ਦੇ ਸਕਣ। ਜਦੋਂ ਕਿ ਅਜਿਹੇ ਸਬੰਧਾਂ ਦਾ ਭਾਰਤ ਵੱਲੋਂ ਵਿਰੋਧ ਕੀਤੇ ਜਾਣ ਦੀ ਸੰਭਾਵਨਾ ਹੈ, ਪਰ ਚੀਨ ਦੇ ਕੁਝ ਹੋਰ ਗੁਆਂਢੀ ਦੇਸ਼ ਇਨ੍ਹਾਂ ਲਈ ਵੱਧ ਖੁੱਲ੍ਹਾ ਰਵੱਈਆ ਅਪਣਾ ਸਕਦੇ ਹਨ। ਚੁਣੌਤੀਆਂ ਦੇ ਬਾਵਜੂਦ, ਅਕਸਾਈ ਚਿਨ ਰਾਹੀਂ ਦੱਖਣੀ ਸ਼ਿਨਜਿਆਂਗ ਦੇ ਸ਼ਹਿਰੀਕਰਨ ਨੂੰ ਉਤਸ਼ਾਹਿਤ ਕਰਨ ਦੀ ਇਹ ਕੋਸ਼ਿਸ਼ ਪਾਕਿਸਤਾਨ ਦੇ ਕਬਜ਼ੇ ਹੇਠਲੇ ਭਾਰਤੀ ਖੇਤਰ ਤੱਕ ਇੱਕ ਵਪਾਰਕ ਗਲਿਆਰੇ ਨੂੰ ਕਾਇਮ ਰੱਖਣ ਵਿੱਚ ਸੰਭਾਵਿਤ ਤੌਰ 'ਤੇ ਮਦਦਗਾਰ ਹੋ ਸਕਦੀ ਹੈ।
ਇਨ੍ਹਾਂ ਸਭ ਨੂੰ ਇਕੱਠੇ ਵੇਖਣ 'ਤੇ ਇਹ ਚੀਨ ਦੇ ਲੰਬੇ ਸਮੇਂ ਦੇ ਯਤਨਾਂ ਨੂੰ ਦਰਸਾਉਂਦੇ ਹਨ, ਜਿਨ੍ਹਾਂ ਦਾ ਉਦੇਸ਼ ਸਮਾਜਿਕ ਸਥਿਰਤਾ ਨਾਲ ਸੰਬੰਧਿਤ ਆਪਣੇ ਲਕਸ਼ਾਂ ਨੂੰ ਆਪਣੇ ਖੇਤਰੀ ਦਾਵਿਆਂ ਨੂੰ ਮਜ਼ਬੂਤ ਕਰਨ ਨਾਲ ਜੋੜਨਾ ਅਤੇ ਆਪਣੇ ਵਿਆਪਕ ਵਿਦੇਸ਼ ਨੀਤੀ ਦੇ ਉਦੇਸ਼ਾਂ ਨੂੰ ਅੱਗੇ ਵਧਾਉਣਾ ਹੈ।ਭਾਰਤ ਸਰਕਾਰ ਨੇ ਚੀਨ ਵੱਲੋਂ ਵਿਕਸਿਤ ਕੀਤੇ ਗਏ ਸ਼ਿਆਓਕਾਂਗ (Xiaokang) ਪਿੰਡਾਂ ਦੇ ਜਵਾਬ ਵਜੋਂ ਆਪਣਾ 'ਵਾਈਬਰੈਂਟ ਵਿਲੇਜਜ਼ ਪ੍ਰੋਗਰਾਮ' ਸ਼ੁਰੂ ਕੀਤਾ ਹੈ, ਪਰ ਕਬਜ਼ੇ ਹੇਠਲੇ ਭਾਰਤੀ ਖੇਤਰ ਵਿੱਚ ਚੀਨ ਵੱਲੋਂ ਕੀਤੀਆਂ ਪ੍ਰਸ਼ਾਸਨਿਕ ਤਬਦੀਲੀਆਂ ਦਾ ਸਿਰਫ਼ ਬਿਆਨਬਾਜ਼ੀ ਨਾਲ ਨਹੀਂ, ਸਗੋਂ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦੇਣ ਦੀ ਲੋੜ ਹੈ। ਜਿਵੇਂ ਕਿ ੨੦੨੦ ਵਿੱਚ ਅਸਲ ਨਿਯੰਤਰਣ ਰੇਖਾ( ਐਲ.ਏ.ਸੀ. )ਉੱਤੇ ਚੀਨ ਦੀਆਂ ਉਲੰਘਣਾਵਾਂ ਨੇ ਕੀਤਾ ਸੀ, ਉਸੇ ਤਰ੍ਹਾਂ ਚੀਨ ਦੇ ਇਹ ਨਵੇਂ ਕਦਮ ਵੀ ਭਾਰਤ ਨਾਲ ਹੋਏ ਦੋਪੱਖੀ ਸਮਝੌਤਿਆਂ ਦੀ ਉਲੰਘਣਾ ਕਰਦੇ ਹਨ ਅਤੇ ਇਨ੍ਹਾਂ ਦੇ ਜਵਾਬ ਵਿੱਚ ਨਵੀਂ ਦਿੱਲੀ ਵੱਲੋਂ ਸਥਾਨਕ ਪ੍ਰਸ਼ਾਸਨਿਕ ਪੱਧਰ ਦੇ ਨਾਲ-ਨਾਲ ਅੰਤਰਰਾਸ਼ਟਰੀ ਕਾਨੂੰਨੀ ਅਤੇ ਮੀਡੀਆ ਪੱਧਰ 'ਤੇ ਵੀ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
This article was originally published in English in The Tribune as part of an arrangement with the Centre of Excellence for Himalayan Studies
Translated by Jaspreet Singh