ਹੁਰਮੁਜ਼ ਦੀ ਜਲਡਮਰੂਮੱਧ ਤੋਂ ਹਿਮਾਲਿਆ ਤੱਕ: ਵਿਸ਼ਵੀਕਰਨ ਅਤੇ ਲਦਾਖ ਦੀ ਸੈਰ-ਸਪਾਟਾ ਅਰਥਵਿਵਸਥਾ ਦੀ ਕਮਜ਼ੋਰੀ

17 April 2026  |  

Fida Hussain Tangrhong
Borders and Identity
Geopolitics
Economy

ਆਪਣੀ ਪ੍ਰਸਿੱਧ ਆਤਮਕਥਾ ‘ਤਿੱਬਤੀ ਕਾਰਵਾਂ’ (Tibetan Caravans) ਵਿੱਚ ਲਦਾਖ ਦੇ ਕਾਰਵਾਂ ਆਗੂ ਅਤੇ ਲੇਖਕ ਅਬਦੁਲ ਵਹੀਦ ਰਾਧੂ ਨੇ ਚਾਂਗਥਾਂਗ ਦੇ ਪਠਾਰ ਰਾਹੀਂ ਲ੍ਹਾਸਾ ਵੱਲ ਆਪਣੇ ਸਫ਼ਰ ਦਾ ਇੱਕ ਬਹੁਤ ਹੀ ਜੀਵੰਤ ਦ੍ਰਿਸ਼ ਬਿਆਨ ਕੀਤਾ ਹੈ। ਚਾਂਗਪਾ ਖਾਨਾਬਦੋਸ਼ਾਂ ਨਾਲ ਆਪਣੀ ਮੁਲਾਕਾਤ ਬਾਰੇ ਲਿਖਦੇ ਹੋਏ, ਉਹ ਦੱਸਦੇ ਹਨ:

“ਲਗਭਗ ਸਾਰੇ ਹੀ ਭੇਡ ਦੀ ਖੱਲ ਦੇ ਬਣੇ ਕੱਪੜੇ ਪਹਿਨਦੇ ਹਨ। ਉਹ ਮਾਸ, ਮੱਖਣ ਵਾਲੀ ਚਾਹ ਅਤੇ ਕਦੇ-ਕਦੇ ਸਾਂਪਾ ਖਾ ਕੇ ਜੀਵਨ ਦਾ ਗੁਜ਼ਾਰਾ ਕਰਦੇ ਹਨ। ਰੋਟੀ ਉਹਨਾਂ ਲਈ ਉਨ੍ਹਾਂ ਲਈ ਜਿਵੇਂ ਕੋਈ ਅਣਜਾਣੀ ਚੀਜ਼ ਲੱਗਦੀ ਹੈ। ਉਹ ਬੇਮਿਸਾਲ ਚਰਵਾਹੇ ਹਨ ਅਤੇ ਸਭ ਤੋਂ ਉੱਚੀਆਂ ਚੋਟੀਆਂ ਉੱਤੇ ਵੀ ਚੜ੍ਹਨ ਦੇ ਸਮਰੱਥ ਹਨ… ਜਦੋਂ ਮੈਂ ਉਨ੍ਹਾਂ ਨੂੰ ਵੇਖ ਰਿਹਾ ਸੀ, ਤਾਂ ਕੁਝ ਮੁੰਡੇ ਅਤੇ ਨਿੱਕੀਆਂ ਕੁੜੀਆਂ—ਮਾਸੂਮੀਅਤ ਦੀ ਮੂਰਤ—ਵੱਡੀਆਂ ਚੱਟਾਨਾਂ ਦੇ ਆਲੇ-ਦੁਆਲੇ ਕੁਝ ਛੋਟੇ ਪੱਥਰਾਂ ਨਾਲ ਖੇਡ ਰਹੇ ਸਨ , ਬਾਹਰੀ ਦੁਨੀਆ ਤੋਂ ਬੇਖ਼ਬਰ ਸਨ, ਸਿਵਾਏ ਠੰਢੀ ਹਵਾ ਦੇ ਜੋ ਉਨ੍ਹਾਂ ਨੂੰ ਕੋੜਿਆਂ ਵਾਂਗ ਮਾਰ ਰਹੀ ਸੀ। ਉਹ ਕਿਵੇਂ ਜਾਣ ਸਕਦੇ ਸਨ ਕਿ ਕਿਤੇ ਹੋਰ, ਉਨ੍ਹਾਂ ਦੇਸ਼ਾਂ ਵਿੱਚ ਜਿਨ੍ਹਾਂ ਨੂੰ ਸਭਿਆਚਾਰਕ ਕਿਹਾ ਜਾਂਦਾ ਹੈ, ਜੰਗ ਛਿੜ ਚੁੱਕੀ ਹੈ?”

ਰਾਧੂ ਨੇ ਇਹ ਪੰਕਤੀਆਂ 1942 ਵਿੱਚ ਲਿਖੀਆਂ ਸਨ, ਜਦੋਂ ਯੂਰਪ ਦੂਜੇ ਵਿਸ਼ਵ ਯੁੱਧ ਦੀ ਭਿਆਨਕ ਤਬਾਹੀ ਵਿੱਚ ਘਿਰਿਆ ਹੋਇਆ ਸੀ। ਪੂਰੇ ਮਹਾਂਦੀਪ ਸੜ ਰਹੇ ਸਨ, ਸ਼ਹਿਰਾਂ ’ਤੇ ਬੰਬਾਰੀ ਹੋ ਰਹੀ ਸੀ ਅਤੇ ਲੱਖਾਂ ਜਾਨਾਂ ਗੁਆਈਆਂ ਜਾ ਰਹੀਆਂ ਸਨ। । ਪਰ ਲਦਾਖ ਅਤੇ ਤਿੱਬਤੀ ਪਠਾਰ ਦੇ ਦੂਰ-ਦੁਰਾਡੇ ਉੱਚੇ ਪਹਾੜੀ ਇਲਾਕਿਆਂ ਵਿੱਚ ਜੀਵਨ ਸ਼ਾਂਤੀ ਨਾਲ ਆਪਣੀ ਰਫ਼ਤਾਰ ਨਾਲ ਚੱਲ ਰਿਹਾ ਸੀ। ਖਾਨਾਬਦੋਸ਼ ਬੱਚੇ ਚੱਟਾਨਾਂ ਅਤੇ ਚਰਾਗਾਹਾਂ ਵਿਚਕਾਰ ਖੇਡ ਰਹੇ ਸਨ ਅਤੇ ਹਜ਼ਾਰਾਂ ਕਿਲੋਮੀਟਰ ਦੂਰ ਵਾਪਰ ਰਹੀ ਇਸ ਭਿਆਨਕ ਤਬਾਹੀ ਤੋਂ ਅਣਜਾਣ ਸਨ।

ਰਾਧੂ ਦਾ ਨਿਰੀਖਣ ਸਿਰਫ਼ ਇੱਕ ਸਧਾਰਣ ਸਫ਼ਰਨਾਮੇ ਦੀ ਯਾਤਰਾ-ਵ੍ਰਿਤਾਂਤ ਨਹੀਂ ਸੀ। ਇਹ ਆਧੁਨਿਕ ਸਭਿਅਤਾ ਦੀ ਇੱਕ ਸੂਖਮ ਆਲੋਚਨਾ ਵੀ ਸੀ। ਜਿਹੜੇ ਖੇਤਰ ਆਪਣੇ ਆਪ ਨੂੰ ਮਾਣ ਨਾਲ “ਸਭਿਅਕ” ਕਹਿੰਦੇ ਸਨ, ਉਹੀ ਮਨੁੱਖੀ ਇਤਿਹਾਸ ਦੀਆਂ ਕੁਝ ਸਭ ਤੋਂ ਵਿਨਾਸ਼ਕਾਰੀ ਜੰਗਾਂ ਨੂੰ ਜਨਮ ਦੇ ਰਹੇ ਸਨ,ਇਸਦੇ ਉਲਟ, ਕਠਿਨ ਅਤੇ ਬੇਹੱਦ ਸਖ਼ਤ ਮਾਹੌਲ ਤੇ ਵਾਤਾਵਰਣ ਵਿੱਚ ਰਹਿਣ ਵਾਲੇ ਪਸ਼ੂਪਾਲਕ ਭਾਈਚਾਰੇ ਆਪਣੀ ਹੀ ਦੁਨੀਆ ਵਿੱਚ ਲੀਨ ਸਨ ਅਤੇ ਦੂਰ-ਦੁਰਾਡੇ ਦੇ ਸੰਘਰਸ਼ਾਂ ਤੋਂ ਕਾਫ਼ੀ ਹੱਦ ਤੱਕ ਅਛੂਤੇ ਰਹਿੰਦੇ ਸਨ।

ਰਾਧੂ ਨੂੰ ਮਿਲੇ ਚਾਂਗਪਾ ਖਾਨਾਬਦੋਸ਼ ਧਰਤੀ ਦੇ ਸਭ ਤੋਂ ਔਖੇ ਜੀਵਨ-ਸ਼ੈਲੀਆਂ ਵਿੱਚੋਂ ਇੱਕ ਜੀ ਰਹੇ ਸਨ। ਉਹ ਹਵਾਵਾਂ ਨਾਲ ਝੰਝੋੜੇ ਜਾਂਦੇ ਵਿਸ਼ਾਲ ਪਠਾਰਾਂ ਉੱਤੇ ਆਪਣੇ ਪਸ਼ੂਆਂ ਦੇ ਝੁੰਡਾਂ ਨਾਲ ਲਗਾਤਾਰ ਇੱਕ ਥਾਂ ਤੋਂ ਦੂਜੀ ਥਾਂ ਵੱਲ ਜਾਂਦੇ ਸਨ। ਫਿਰ ਵੀ, ਆਪਣੇ ਵਾਤਾਵਰਣ ਦੀ ਕਠੋਰਤਾ ਦੇ ਬਾਵਜੂਦ, ਉਹਨਾਂ ਦੇ ਜੀਵਨ ਕੁਦਰਤ ਅਤੇ ਭਾਈਚਾਰੇ ਨਾਲ ਡੂੰਘੇ ਜੁੜੇ ਹੋਏ ਸਨ। ਦੂਰ-ਦੁਰਾਡੇ ਮਹਾਂਦੀਪਾਂ ਵਿੱਚ ਹੋ ਰਹੀਆਂ ਜੰਗਾਂ ਨੇ ਨਾ ਤਾਂ ਉਨ੍ਹਾਂ ਦੇ ਚਰਾਗਾਹਾਂ ਨੂੰ ਪ੍ਰਭਾਵਿਤ ਕੀਤਾ ਅਤੇ ਨਾ ਹੀ ਉਨ੍ਹਾਂ ਦੀ ਰੋਜ਼ਾਨਾ ਜੀਵਨ ਦੀ ਲੈਅ ਨੂੰ ਭੰਗ ਨਹੀਂ ਕੀਤਾ । ਭੂਗੋਲਿਕ ਦੂਰੀ ਅਤੇ ਇਕਾਂਤ ਨੇ ਉਨ੍ਹਾਂ ਨੂੰ ਇੱਕ ਕਿਸਮ ਦੀ ਸੁਰੱਖਿਆ ਪ੍ਰਦਾਨ ਕੀਤੀ ਹੋਈ ਸੀ।

ਰਾਧੂ ਨੇ ਜਿਸ ਦੁਨੀਆ ਦਾ ਵਰਣਨ ਕੀਤਾ ਸੀ, ਉਹ ਹੁਣ ਮੌਜੂਦ ਨਹੀਂ ਹੈ। ਅੱਜ ਲਦਾਖ ਦਾ ਉਹ ਹਿਮਾਲਿਆਈ ਖੇਤਰ, ਜੋ ਕਦੇ ਬਾਹਰੀ ਦੁਨੀਆ ਤੋਂ ਲਗਭਗ ਪੂਰੀ ਤਰ੍ਹਾਂ ਵੱਖਰਾ ਸੀ, ਵਿਸ਼ਵ ਪੱਧਰੀ ਆਰਥਿਕ ਜਾਲਾਂ ਨਾਲ ਡੂੰਘੇ ਤੌਰ ’ਤੇ ਜੁੜ ਚੁੱਕਾ ਹੈ। ਸੈਰ-ਸਪਾਟਾ, ਹਵਾਈ ਆਵਾਜਾਈ, ਊਰਜਾ ਬਾਜ਼ਾਰ ਅਤੇ ਸਪਲਾਈ ਚੇਨਾਂ ਹੁਣ ਇਸ ਦੂਰ-ਦੁਰਾਡੇ ਇਲਾਕੇ ਨੂੰ ਹਜ਼ਾਰਾਂ ਕਿਲੋਮੀਟਰ ਦੂਰ ਵਾਪਰ ਰਹੀਆਂ ਘਟਨਾਵਾਂ ਨਾਲ ਜੋੜਦੀਆਂ ਹਨ।ਵਿਡੰਬਨਾ ਇਹ ਹੈ ਕਿ ਵਿਸ਼ਵੀਕਰਨ ਦੀਆਂ ਉਹੀ ਪ੍ਰਕਿਰਿਆਵਾਂ, ਜਿਨ੍ਹਾਂ ਨੇ ਇਸ ਖੇਤਰ ਵਿੱਚ ਖੁਸ਼ਹਾਲੀ ਲਿਆਂਦੀ, ਨੇ ਇਸਨੂੰ ਦੂਰ-ਦੁਰਾਡੇ ਪੈਦਾ ਹੋਣ ਵਾਲੇ ਸੰਕਟਾਂ ਪ੍ਰਤੀ ਕਿਤੇ ਵੱਧ ਕਮਜ਼ੋਰ ਵੀ ਬਣਾ ਦਿੱਤਾ ਹੈ।

ਈਰਾਨ, ਇਜ਼ਰਾਈਲ ਅਤੇ ਸੰਯੁਕਤ ਰਾਜ ਅਮਰੀਕਾ ਨਾਲ ਜੁੜੇ ਮੌਜੂਦਾ ਤਣਾਅ, ਭਾਵੇਂ ਭੂਗੋਲਿਕ ਤੌਰ ’ਤੇ ਹਿਮਾਲਿਆ ਤੋਂ ਕਾਫ਼ੀ ਦੂਰ ਹਨ, ਪਰ ਇਨ੍ਹਾਂ ਦੇ ਪ੍ਰਭਾਵ ਵਿਸ਼ਵ ਪੱਧਰੀ ਊਰਜਾ ਬਾਜ਼ਾਰਾਂ ਵਿੱਚ ਪਹਿਲਾਂ ਹੀ ਦਿਖਾਈ ਦੇਣ ਲੱਗ ਪਏ ਹਨ। ਦੁਨੀਆ ਦੀ ਤੇਲ ਸਪਲਾਈ ਦਾ ਇੱਕ ਵੱਡਾ ਹਿੱਸਾ ਹੁਰਮੁਜ਼ ਦੀ ਜਲਡਮਰੂਮੱਧ ਰਾਹੀਂ ਲੰਘਦਾ ਹੈ, ਜਿਸ ਕਾਰਨ ਇਹ ਦੁਨੀਆ ਦੇ ਸਭ ਤੋਂ ਨਾਜ਼ੁਕ ਊਰਜਾ ਚੋਕਪੁਆਇੰਟਾਂ ਵਿੱਚੋਂ ਇੱਕ ਹੈ। ਇਸ ਤੰਗ ਸਮੁੰਦਰੀ ਰਸਤੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਸਥਿਰਤਾ ਤੁਰੰਤ ਵਿਸ਼ਵ ਪੱਧਰੀ ਬਾਜ਼ਾਰਾਂ ਵਿੱਚ ਈਂਧਨ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੰਦੀ ਹੈ।

ਲਦਾਖ ਵਰਗੇ ਸੈਰ-ਸਪਾਟੇ ’ਤੇ ਨਿਰਭਰ ਖੇਤਰ ਲਈ ਇਸ ਦੇ ਨਤੀਜੇ ਲਗਭਗ ਤੁਰੰਤ ਮਹਿਸੂਸ ਹੋਣ ਲੱਗਦੇ ਹਨ। ਵਧਦੀਆਂ ਈਂਧਨ ਦੀਆਂ ਕੀਮਤਾਂ ਹਵਾਈ ਕਿਰਾਏ ਅਤੇ ਆਵਾਜਾਈ ਦੇ ਖਰਚਿਆਂ ਨੂੰ ਵਧਾ ਦਿੰਦੀਆਂ ਹਨ, ਜਿਸ ਨਾਲ ਦੂਰ-ਦੁਰਾਡੇ ਸੈਰ-ਸਪਾਟਾ ਸਥਾਨਾਂ ਤੱਕ ਪਹੁੰਚਣਾ ਕਾਫ਼ੀ ਮਹਿੰਗਾ ਹੋ ਜਾਂਦਾ ਹੈ। ਵਿਸ਼ਵ ਪੱਧਰੀ ਮਾਪਦੰਡਾਂ ਅਨੁਸਾਰ, ਹਵਾਈ ਈਂਧਨ ਦੀ ਔਸਤ ਕੀਮਤ ਹਾਲ ਹੀ ਵਿੱਚ 173.91 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ, ਜੋ ਇਸ ਸਾਲ ਦੇ ਸ਼ੁਰੂ ਵਿੱਚ ਦਰਜ ਕੀਤੀਆਂ ਕੀਮਤਾਂ ਨਾਲੋਂ ਲਗਭਗ ਦੁੱਗਣੀ ਹੈ। ਏਅਰਲਾਈਨਾਂ ਨੇ ਵੀ ਇਨ੍ਹਾਂ ਵਧਦੀਆਂ ਖਰਚਿਆਂ ਦੇ ਅਨੁਕੂਲ ਆਪਣੇ ਕਿਰਾਏ ਅਤੇ ਨੀਤੀਆਂ ਵਿੱਚ ਤਬਦੀਲੀਆਂ ਕਰਨੀ ਸ਼ੁਰੂ ਕਰ ਦਿੱਤੀਆਂ ਹਨ। ਉਦਾਹਰਨ ਵਜੋਂ, ਏਅਰ ਇੰਡੀਆ ਨੇ 12 ਮਾਰਚ ਤੋਂ ਸ਼ੁਰੂ ਹੋਣ ਵਾਲੀਆਂ ਉਡਾਣਾਂ ’ਤੇ ਈਂਧਨ ਸਰਚਾਰਜ ਲਾਗੂ ਕਰਨ ਦਾ ਐਲਾਨ ਕੀਤਾ ਹੈ।

ਲਦਾਖ ਦੇ ਸੈਰ-ਸਪਾਟਾ ਉਦਯੋਗ ਲਈ ਇਹ ਘਟਨਾਕ੍ਰਮ ਖਾਸ ਤੌਰ ’ਤੇ ਸੰਵੇਦਨਸ਼ੀਲ ਸਮੇਂ ਵਿੱਚ ਸਾਹਮਣੇ ਆ ਰਹੇ ਹਨ। ਇਸ ਖੇਤਰ ਵਿੱਚ ਸੈਰ-ਸਪਾਟੇ ਦਾ ਸੀਜ਼ਨ ਅਜੇ ਸ਼ੁਰੂ ਹੋਣਾ ਬਾਕੀ ਹੈ। ਹਰ ਸਾਲ ਅਪ੍ਰੈਲ ਮਹੀਨੇ ਵਿੱਚ, ਜਦੋਂ ਸਿੰਧੂ ਘਾਟੀ ਦੇ ਹੇਠਲੇ ਹਿੱਸੇ ਦੇ ਪਿੰਡਾਂ ਵਿੱਚ ਬਸੰਤ ਰੁੱਤ ਦੇ ਪਹਿਲੇ ਸੰਕੇਤ ਦਿਖਾਈ ਦੇਣ ਲੱਗਦੇ ਹਨ, ਲਦਾਖ ਹੌਲੀ-ਹੌਲੀ ਸੈਲਾਨੀਆਂ ਲਈ ਆਪਣੇ ਦਰਵਾਜ਼ੇ ਖੋਲ੍ਹਦਾ ਹੈ।ਇਸ ਸਾਲ 8 ਅਪ੍ਰੈਲ ਤੋਂ ਸ਼ੁਰੂ ਹੋਣ ਵਾਲਾ ਖੁਮਾਨੀ ਫੁੱਲ ਮੇਲਾ (Apricot Blossom Festival) ਸੈਰ-ਸਪਾਟੇ ਦੇ ਮੌਸਮ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਲਦਾਖ ਦੇ ਜਾਣੇ-ਪਛਾਣੇ ਖੁਮਾਨੀ ਖੇਤਰ ਦੇ ਪਿੰਡ—ਜਿਵੇਂ ਕਾਰਗਿਲ ਦੇ ਗਾਰਕੋਨੇ, ਦਾਹ-ਬੇਮਾ ਅਤੇ ਕਾਰਕਿਤਚੂ, ਅਤੇ ਲੇਹ ਦੇ ਸਕੁਰਬੁਚਨ, ਤਕਮਾਚਿਕ ਅਤੇ ਤੁਰਤੁਕ—ਸੈਲਾਨੀਆਂ ਦਾ ਸਵਾਗਤ ਕਰਦੇ ਹਨ ਤਾਂ ਜੋ ਉਹ ਖੁਮਾਨੀ ਦੇ ਬਾਗਾਂ ਵਿੱਚ ਖਿੜਨ ਵਾਲੇ ਥੋੜ੍ਹੇ ਸਮੇਂ ਦੇ, ਪਰ ਬੇਹੱਦ ਮਨਮੋਹਕ ਫੁੱਲਾਂ ਦੇ ਨਜ਼ਾਰੇ ਦੇਖ ਸਕਣ।ਬਹੁਤ ਸਾਰੇ ਸਥਾਨਕ ਟੂਰ ਓਪਰੇਟਰਾਂ ਲਈ ਇਹ ਮੌਸਮੀ ਸਮਾਗਮ ਉਸ ਮੁੱਖ ਆਕਰਸ਼ਣ ਵਜੋਂ ਕੰਮ ਕਰਦਾ ਹੈ, ਜਿਸ ਦੇ ਆਲੇ-ਦੁਆਲੇ ਬਸੰਤ ਰੁੱਤ ਦੀ ਸ਼ੁਰੂਆਤ ਵਾਲੀਆਂ ਯਾਤਰਾ-ਯੋਜਨਾਵਾਂ ਨੂੰ ਧਿਆਨ ਨਾਲ ਤਿਆਰ ਕਰਕੇ ਪ੍ਰਚਾਰੇ ਜਾਂਦੇ ਹਨ।

ਫਿਰ ਵੀ, ਪਹਿਲੇ ਸੈਲਾਨੀਆਂ ਦੇ ਪਹੁੰਚਣ ਦੀ ਉਮੀਦ ਤੋਂ ਕਈ ਹਫ਼ਤੇ ਪਹਿਲਾਂ, ਯਾਤਰਾ ਉਦਯੋਗ ਨਾਲ ਜੁੜੇ ਲੋਕਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਵਿੱਚ ਚਿੰਤਾ ਫੈਲਣੀ ਸ਼ੁਰੂ ਹੋ ਗਈ ਹੈ। ਹੋਟਲ ਮਾਲਕ ਅਤੇ ਸਥਾਨਕ ਟੂਰ ਆਪਰੇਟਰ ਦੁਨੀਆ ਭਰ ਦੀ ਸਥਿਤੀ ’ਤੇ ਵਧਦੀ ਚਿੰਤਾ ਨਾਲ ਨਜ਼ਰ ਰੱਖ ਰਹੇ ਹਨ। ਲੱਦਾਖ ਦੀ ਸੈਰ-ਸਪਾਟਾ ਅਰਥਵਿਵਸਥਾ ਬਹੁਤ ਜ਼ਿਆਦਾ ਮੌਸਮੀ ਹੈ ਅਤੇ ਇਹ ਸਿਰਫ਼ ਪੰਜ ਤੋਂ ਛੇ ਮਹੀਨਿਆਂ ਦੀ ਛੋਟੀ ਮਿਆਦ ਵਿੱਚ ਕੇਂਦ੍ਰਿਤ ਰਹਿੰਦੀ ਹੈ। ਸੀਜ਼ਨ ਦੀ ਸ਼ੁਰੂਆਤ ਵਿੱਚ ਹੋਣ ਵਾਲੀ ਕੋਈ ਵੀ ਰੁਕਾਵਟ ਪੂਰੇ ਸਾਲ ਦੀ ਰੋਜ਼ੀ-ਰੋਟੀ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਵਧਦੇ ਦਬਾਵਾਂ ਵਿੱਚ ਈਂਧਨ ਅਤੇ ਖਾਣਾ ਪਕਾਉਣ ਦੇ ਗੈਸ ਖਰਚੇ ਵੀ ਸ਼ਾਮਲ ਹੋ ਗਏ ਹਨ। ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਮਰਸ਼ੀਅਲ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ 7 ਮਾਰਚ ਤੋਂ ਪ੍ਰਭਾਵੀ ਹੋ ਕੇ ਲਗਭਗ ₹114.5 ਤੱਕ ਵਧ ਗਈਆਂ ਹਨ, ਇਹ ਤਬਦੀਲੀ ਲੱਦਾਖ ਵਿੱਚ ਹੋਟਲਾਂ, ਰੈਸਟੋਰੈਂਟਾਂ ਅਤੇ ਹੋਮਸਟੇਅ ਨੂੰ ਸਿੱਧਾ ਪ੍ਰਭਾਵਿਤ ਕਰਦੀ ਹੈ। ਦੇਸ਼ ਦੇ ਕਈ ਹਿੱਸਿਆਂ ਤੋਂ ਰਿਪੋਰਟਾਂ ਪਹਿਲਾਂ ਹੀ ਐਲ.ਪੀ.ਜੀ. ਸਪਲਾਈ ਵਿੱਚ ਰੁਕਾਵਟਾਂ ਨੂੰ ਉਜਾਗਰ ਕਰ ਰਹੀਆਂ ਹਨ, ਬੰਗਲੌਰ ਅਤੇ ਚੇਨਈ ਵਿੱਚ ਹੋਟਲ ਐਸੋਸੀਏਸ਼ਨ ਸੰਸਥਾਵਾਂ ਚੇਤਾਵਨੀ ਦੇ ਰਹੀਆਂ ਹਨ ਕਿ ਜੇ ਸਥਿਤੀ ਜਾਰੀ ਰਹੀ ਤਾਂ ਹੋਸਪਿਟੈਲਿਟੀ ਖੇਤਰ ਨਾਲ ਜੁੜੇ ਅਦਾਰਿਆਂ ਨੂੰ ਆਪਣਾ ਕਾਰੋਬਾਰ ਬੰਦ ਕਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ।ਇਹ ਲੱਦਾਖ ਲਈ ਖ਼ਾਸਕਰ ਚਿੰਤਾਜਨਕ  ਹੈ, ਜਿੱਥੇ ਬਾਲਣ ਅਤੇ ਖਾਣਾ ਪਕਾਉਣ ਵਾਲੀ ਗੈਸ ਸਮੇਤ ਜ਼ਿਆਦਾਤਰ ਜ਼ਰੂਰੀ ਸਪਲਾਈਆਂ ਨੂੰ ਲੰਬੇ ਅਤੇ ਲੌਜਿਸਟਿਕ ਤੌਰ 'ਤੇ ਚੁਣੌਤੀਪੂਰਨ ਪਹਾੜੀ ਸੜਕਾਂ ਰਾਹੀਂ ਲੱਦਾਖ ਤੱਕ ਢੋਆ-ਢੁਆਈ ਕਰਨੀ ਪੈਂਦੀ ਹੈ।

ਇਸ ਖੇਤਰ ਵਿੱਚ ਬਹੁਤਿਆਂ ਲਈ, ਇਹ ਚਿੰਤਾਵਾਂ ਪਹਿਲਾਂ ਦੇ ਸੰਕਟਾਂ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੰਦੀਆਂ ਹਨ ਜਿਨ੍ਹਾਂ ਨੇ ਲੱਦਾਖ ਦੀ ਸੈਰ-ਸਪਾਟਾ ਆਰਥਿਕਤਾ ਦੀ ਨਾਜ਼ੁਕਤਾ ਨੂੰ ਉਜਾਗਰ ਕੀਤਾ ਸੀ। ਕੋਵਿਡ-19 ਮਹਾਂਮਾਰੀ ਦੌਰਾਨ, ਯਾਤਰਾ ਅਚਾਨਕ ਪੂਰੀ ਤਰ੍ਹਾਂ ਰੁਕ ਗਈ ਸੀ। ਉਡਾਣਾਂ ਮੁਅੱਤਲ ਕਰ ਦਿੱਤੀਆਂ ਗਈਆਂ, ਸਰਹੱਦਾਂ ਬੰਦ ਹੋ ਗਈਆਂ, ਅਤੇ ਲੱਦਾਖ ਦਾ ਸੈਰ-ਸਪਾਟਾ ਉਦਯੋਗ ਲਗਭਗ ਪੂਰੀ ਤਰ੍ਹਾਂ ਢਹਿ ਗਿਆ। ਹੋਟਲ ਖਾਲੀ ਰਹੇ, ਟੈਕਸੀਆਂ ਬੇਕਾਰ ਖੜ੍ਹੀਆਂ ਰਹੀਆਂ, ਅਤੇ ਹਜ਼ਾਰਾਂ ਪਰਿਵਾਰ ਜੋ ਸੈਰ-ਸਪਾਟਾ ਤੋਂ ਹੋਣ ਵਾਲੀ ਆਮਦਨ 'ਤੇ ਨਿਰਭਰ ਸਨ, ਜੀਵਨ ਬਤੀਤ ਕਰਨ ਲਈ ਸੰਘਰਸ਼ ਕਰਦੇ ਰਹੇ।

ਇੱਥੋਂ ਤੱਕ ਕਿ ਖੇਤਰੀ ਅਸਥਿਰਤਾ ਨੇ ਵੀ ਦਰਸਾਇਆ ਹੈ ਕਿ ਸੈਰ-ਸਪਾਟਾ ਖੇਤਰ ਕਿੰਨਾ ਕੁ ਨਾਜ਼ੁਕ ਹੋ ਸਕਦਾ ਹੈ। ਸਾਲ 2025 ਵਿੱਚ ਪਹਿਲਗਾਮ ਵਿੱਚ ਵਾਪਰੀ ਘਟਨਾ ਤੋਂ ਬਾਅਦ ਵਿਆਪਕ ਹਿਮਾਲਿਆਈ ਖੇਤਰ ਵਿੱਚ ਸੈਲਾਨੀਆਂ ਦੀ ਆਮਦ ਵਿੱਚ ਮਹੱਤਵਪੂਰਨ ਕਮੀ ਦਰਜ ਕੀਤੀ ਗਈ। 9 ਨਵੰਬਰ 2026 ਨੂੰ ਲੋਕ ਸਭਾ ਵਿੱਚ ਕੇਂਦਰੀ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੁਆਰਾ ਸਾਂਝਾ ਕੀਤੇ ਗਏ ਅੰਕੜਿਆਂ ਨੇ ਇਸ ਪ੍ਰਭਾਵ ਦੀ ਹੱਦ ਦਾ ਖੁਲਾਸਾ ਕੀਤਾ। ਉਪਲਬਧ ਅੰਕੜਿਆਂ ਅਨੁਸਾਰ, ਲੱਦਾਖ ਵਿੱਚ ਘਰੇਲੂ ਸੈਲਾਨੀਆਂ ਦੀ ਆਮਦ 2024 ਵਿੱਚ 2.92 ਲੱਖ ਤੋਂ ਘਟ ਕੇ 2025 ਵਿੱਚ 2.12 ਲੱਖ ਰਹਿ ਗਈ। ਕਾਰਗਿਲ ਵਿੱਚ ਸਥਿਤੀ ਹੋਰ ਵੀ ਗੰਭੀਰ ਸੀ, ਜਿੱਥੇ ਸੈਲਾਨੀਆਂ ਦੀ ਆਮਦ 3.20 ਲੱਖ ਤੋਂ ਘਟ ਕੇ ਕੇਵਲ 93,389 ਰਹਿ ਗਈ, ਜੋ ਲਗਭਗ 70.9 ਫੀਸਦੀ ਦੀ ਗਿਰਾਵਟ ਦਰਸਾਉਂਦੀ ਹੈ। ਇਹ ਗਿਰਾਵਟ ਪਹਲਗਾਮ ਵਿੱਚ ਹਮਲੇ ਅਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਲਗਭਗ ਤਿੰਨ ਹਫ਼ਤਿਆਂ ਤੱਕ ਚੱਲੇ ਫੌਜੀ ਟਕਰਾਅ ਤੋਂ ਬਾਅਦ ਆਈ, ਜਿਸ ਨੇ ਖੇਤਰ ਭਰ ਵਿੱਚ ਯਾਤਰਾ ਦੀ ਭਾਵਨਾ ਨੂੰ ਕਾਫ਼ੀ ਕਮਜ਼ੋਰ ਕੀਤਾ।

ਅਜਿਹੀਆਂ ਘਟਨਾਵਾਂ ਇੱਕ ਡੂੰਘੇ ਵਿਰੋਧਾਭਾਸ ਨੂੰ ਦਰਸਾਉਂਦੀਆਂ ਹਨ। ਵਿਸ਼ਵੀਕਰਨ ਨੇ ਨਿਸ਼ਚਿਤ ਤੌਰ ’ਤੇ ਲੱਦਾਖ ਲਈ ਨਵੇਂ ਮੌਕੇ ਪੈਦਾ ਕੀਤੇ ਹਨ। ਸੈਰ-ਸਪਾਟੇ ਦੇ ਵਿਕਾਸ ਨੇ ਲੋਕਾਂ ਦੀ ਜੀਵਿਕਾ ਵਿੱਚ ਸੁਧਾਰ ਲਿਆਉਣ, ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਇਸ ਦੂਰ-ਦੁਰਾਡੇ ਖੇਤਰ ਨੂੰ ਵਿਸ਼ਵ ਦੇ ਹੋਰ ਹਿੱਸਿਆਂ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪਰ ਇਸਨੇ ਨਾਜ਼ੁਕਤਾ ਦੇ ਨਵੇਂ ਰੂਪ ਵੀ ਪੈਦਾ ਕੀਤੇ ਹਨ। ਪੱਛਮੀ ਏਸ਼ੀਆ ਵਿੱਚ ਹੋਣ ਵਾਲਾ ਯੁੱਧ, ਕਿਸੇ ਹੋਰ ਮਹਾਂਦੀਪ ਵਿੱਚ ਫੈਲਣ ਵਾਲੀ ਇੱਕ ਮਹਾਮਾਰੀ, ਜਾਂ ਗੁਆਂਢੀ ਖੇਤਰ ਵਿੱਚ  ਸੁਰੱਖਿਆ ਸੰਬੰਧੀ ਘਟਨਾ ਅਚਾਨਕ ਇੱਕ ਦੂਰ-ਦੁਰਾਡੇ ਹਿਮਾਲੀਅਨ ਸਮਾਜ ਦੀਆਂ ਆਰਥਿਕ ਨੀਂਹਾਂ ਨੂੰ ਅਸਥਿਰ ਕਰ ਸਕਦੀ ਹੈ।

ਰਾਧੂ ਦੇ ਸਮੇਂ ਵਿੱਚ, ਚਾਂਗਥਾਂਗ ਦੀਆਂ ਚੱਟਾਨਾਂ ਵਿਚਕਾਰ ਖੇਡਦੇ ਬੱਚੇ ਜੋ ਉਸਨੇ ਦੇਖੇ ਸਨ, ਦੂਰ-ਦੁਰਾਡੇ ਮਹਾਂਦੀਪਾਂ ਵਿੱਚ ਹੋਣ ਵਾਲੀਆਂ ਜੰਗਾਂ ਦੇ ਪ੍ਰਭਾਵ ਤੋਂ ਲਗਭਗ ਅਛੂਤੇ ਰਹਿੰਦੇ ਸਨ। ਭੂਗੋਲਿਕ ਦੂਰੀ ਨੇ ਉਨ੍ਹਾਂ ਨੂੰ ਬਾਹਰੀ ਦੁਨੀਆ ਅਤੇ ਅਸਥਿਰਤਾ ਤੋਂ ਇੱਕ ਕਿਸਮ ਦੀ ਸੁਰੱਖਿਆ ਪ੍ਰਦਾਨ ਕਰਦੀ ਸੀ। ਪਰ ਅੱਜ, ਉਹ ਸੁਰੱਖਿਆ ਕਰਨ ਵਾਲੀ ਭੂਗੋਲਿਕ ਦੂਰੀ ਕਾਫ਼ੀ ਹੱਦ ਤੱਕ ਗਾਇਬ ਹੋ ਗਈ ਹੈ। ਇਸ ਸਥਿਤੀ ਦਾ ਵਿਰੋਧਾਭਾਸ ਵਿਸ਼ੇਸ਼ ਤੌਰ ’ਤੇ ਧਿਆਨਯੋਗ ਹੈ। ਲੱਦਾਖ ਤੋਂ ਭੂਗੋਲਿਕ ਤੌਰ ’ਤੇ ਅਜੇ ਵੀ ਕਾਫ਼ੀ ਦੂਰ ਵਾਪਰ ਰਹੀ ਕੋਈ ਜੰਗ ਵੀ ਇੱਥੋਂ ਦੇ ਪਿੰਡਾਂ ਵਿੱਚ ਚਿੰਤਾ ਅਤੇ ਅਨਿਸ਼ਚਿਤਤਾ ਦਾ ਮਾਹੌਲ ਪੈਦਾ ਕਰ ਸਕਦੀ ਹੈ, ਉਹ ਵੀ ਬਸੰਤ ਦੇ ਪਹਿਲੇ ਫੁੱਲਾਂ ਦੇ ਪ੍ਰਗਟ ਹੋਣ ਤੋਂ ਕਈ ਹਫ਼ਤੇ ਪਹਿਲਾਂ। 21ਵੀਂ ਸਦੀ ਦੀ ਆਪਸ ਵਿੱਚ ਜੁੜੀ ਦੁਨੀਆ ਵਿੱਚ, ਪਹਾੜ ਹੁਣ ਸਮਾਜਾਂ ਨੂੰ ਵਿਸ਼ਵਵਿਆਪੀ ਝਟਕਿਆਂ ਤੋਂ ਅਲੱਗ-ਥਲੱਗ ਨਹੀਂ ਰੱਖ ਸਕਦੇ।

ਲੇਖਕ ਬਾਰੇ:ਫ਼ਿਦਾ ਹੁਸੈਨ ਤਾਂਗਰਹੋਂ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਦੇ ਸਕੂਲ ਆਫ਼ ਇੰਟਰਨੈਸ਼ਨਲ ਸਟਡੀਜ਼ ਤੋਂ ਅੰਦਰੂਨੀ ਏਸ਼ੀਆਈ ਅਧਿਐਨ ਵਿੱਚ ਪੀਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਨ੍ਹਾਂ ਦੀ ਖੋਜ ਦਾ ਮੁੱਖ ਕੇਂਦਰ ਲੱਦਾਖ ਸੰਬੰਧੀ ਪੱਛਮੀ ਯਾਤਰਾ-ਲੇਖਨਾਂ ਦਾ ਉੱਤਰ-ਉਪਨਿਵੇਸ਼ਵਾਦੀ ਅਧਿਐਨ ਹੈ।ਉਹ ਇਸ ਤੋਂ ਪਹਿਲਾਂ ਸ਼ਿਵ ਨਾਦਰ ਇੰਸਟੀਚਿਊਸ਼ਨ ਆਫ਼ ਐਮੀਨੈਂਸ, ਦਿੱਲੀ-ਐਨਸੀਆਰ ਵਿਖੇ ਸੈਂਟਰ ਆਫ਼ ਐਕਸੀਲੈਂਸ ਫ਼ਾਰ ਹਿਮਾਲਿਆਈ ਸਟਡੀਜ਼ ਵਿੱਚ ਨਾਨ-ਰੈਜ਼ੀਡੈਂਟ ਐਸੋਸੀਏਟ ਫੈਲੋ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ, ਉਹ ਲੱਦਾਖ ਵਿੱਚ ਸਥਿਤ ਸਥਾਨਕ ਯਾਤਰਾ ਕੰਪਨੀ ਲੱਦਾਖ ਬੈਕਪੈਕਰਜ਼ ਦੇ ਸਹਿ-ਸੰਸਥਾਪਕ ਅਤੇ ਨਿਰਦੇਸ਼ਕ ਵੀ ਹਨ।


Originally Published in English as Fida Hussain Tangrhong. 2026. ‘From the Strait of Hormuz to the Himalayas: Globalisation and the Vulnerability of Ladakh’s Tourism Economy’. Commentary. Centre for Excellence for Himalayan Studies. 16 March.

Translated by Jaspreet Singh