
੨੦੨੬ ਵਿੱਚ ਅਮਰੀਕਾ-ਇਜ਼ਰਾਈਲ-ਈਰਾਨ ਜੰਗ ਤੋਂ ਚੀਨ ਲਈ ਸਬਕ
ਅਮਰੀਕਾ ਵੱਲੋਂ ਫ਼ਾਰਸੀ ਖਾੜੀ ਵਿੱਚ ਲੜੀਆਂ ਗਈਆਂ ਜੰਗਾਂ ਨੇ ਲਗਾਤਾਰ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਦੀ ਆਧੁਨਿਕ ਜੰਗ ਬਾਰੇ ਸਮਝ ਅਤੇ ਫੌਜੀ ਸਿਧਾਂਤਾਂ ਵਿੱਚ ਸੁਧਾਰ ਨੂੰ ਪ੍ਰਭਾਵਿਤ ਕੀਤਾ ਹੈ। 1990–91 ਦੀ ਪਹਿਲੀ ਖਾੜੀ ਜੰਗ ਨੇ ਬੀਜਿੰਗ ਨੂੰ ‘ਫੌਜੀ ਮਾਮਲਿਆਂ ਵਿੱਚ ਕ੍ਰਾਂਤੀ’ ਦੀ ਝਲਕ ਦਿਖਾਈ। ਇਸ ਜੰਗ ਨੇ ਇਹ ਵੀ ਸਪੱਸ਼ਟ ਕੀਤਾ ਕਿ ਉੱਚ-ਤਕਨਾਲੋਜੀ ਵਾਲੇ ਯੁੱਧ ਵਿੱਚ ਸੋਵੀਅਤ ਹਥਿਆਰਾਂ ਦੀ ਰਿਵਰਸ-ਇੰਜੀਨੀਅਰਿੰਗ ’ਤੇ ਆਧਾਰਿਤ ਚੀਨ ਦਾ ਪੁਰਾਣਾ ਹਥਿਆਰ-ਭੰਡਾਰ ਕਿੰਨਾ ਪੁਰਾਣਾ ਅਤੇ ਅਪ੍ਰਭਾਵਸ਼ਾਲੀ ਹੋ ਚੁੱਕਾ ਸੀ। ਇੱਕ ਦਹਾਕੇ ਬਾਅਦ, ਇਰਾਕ ਜੰਗ ਨੇ ਪੀ.ਐੱਲ.ਏ. ਨੂੰ ਸੰਯੁਕਤ ਯੁੱਧ ਅਤੇ ਸੰਯੁਕਤ ਆਪਰੇਸ਼ਨਲ ਕਮਾਂਡਾਂ ਵੱਲ ਇੱਕ ਨਿਰਣਾਇਕ ਬਦਲਾਅ ਕਰਨ ਲਈ ਪ੍ਰੇਰਿਤ ਕੀਤਾ। ਇਸੇ ਸੋਚ ਨੇ ੨੦੧੫–੧੬ ਦੇ ਥੀਏਟਰ ਕਮਾਂਡ ਸੁਧਾਰਾਂ ਨੂੰ ਨੂੰ ਰੂਪ ਦਿੱਤਾ, ਜਿਨ੍ਹਾਂ ਰਾਹੀਂ ਚੀਨ ਦੇ ਉੱਚ ਪੱਧਰੀ ਰੱਖਿਆ ਕਮਾਂਡ ਢਾਂਚੇ ਦਾ ਪੁਨਰਗਠਨ ਕੀਤਾ ਗਿਆ। ਇਸੇ ਤਰ੍ਹਾਂ, ਮੌਜੂਦਾ ਅਮਰੀਕਾ–ਇਜ਼ਰਾਈਲ–ਈਰਾਨ ਜੰਗ ਨੂੰ ਬੀਜਿੰਗ ਵਿੱਚ ਬਹੁਤ ਧਿਆਨ ਨਾਲ ਜਾ ਰਿਹਾ ਹੈ, ਅਤੇ ਇਸ ਤੋਂ ਮਿਲ ਰਹੇ ਮਹੱਤਵਪੂਰਨ ਫੌਜੀ-ਸਿਧਾਂਤਕ ਸਬਕ ਚੀਨ ਦੀ ਫੌਜੀ ਬਣਤਰ ,ਆਪਰੇਸ਼ਨਲ ਧਾਰਨਾਵਾਂ ਅਤੇ ਵਿਆਪਕ ਫੌਜੀ ਰਣਨੀਤਕ ਸੋਚ ਵਿੱਚ ਹੌਲੀ-ਹੌਲੀ ਤਬਦੀਲੀਆਂ ਲਈ ਮਾਰਗਦਰਸ਼ਨ ਦੇ ਰਹੇ ਹਨ।
ਪਹਿਲਾ ਧਿਆਨ ‘ਸੈਚੁਰੇਸ਼ਨ ਵਾਰਫੇਅਰ’ (ਸੰਤ੍ਰਿਪਤੀ ਜੰਗ) ਨੂੰ ਇੱਕ ਕੇਂਦਰੀ ਕਾਰਜਸ਼ੀਲ ਰਣਨੀਤੀ ਵਜੋਂ ਦੇਖਣ ’ਤੇ ਹੈ। ਘੱਟ-ਲਾਗਤ ਵਾਲੇ ਅਤੇ ਹੌਲੀ ਗਤੀ ਨਾਲ ਉੱਡਣ ਵਾਲੇ ਸ਼ਾਹੇਦ ਡਰੋਨਾਂ ਦੀ ਵਿਆਪਕ ਵਰਤੋਂ ਨੇ ਇਹ ਦਰਸਾਇਆ ਹੈ ਕਿ ਕਿਵੇਂ ਸਸਤੇ ਸਿਸਟਮ ਉੱਚ-ਮੁੱਲ ਵਾਲੇ ਹਵਾਈ-ਰੱਖਿਆ ਸਾਧਨਾਂ, ਜਿਵੇਂ ਕਿ ਥਾਡ (THAAD) ਅਤੇ ਐੱਮ.ਆਈ.ਐੱਮ.-104 ਪੈਟ੍ਰੀਅਟ (MIM-104 Patriot) ਨੂੰ ਕਮਜ਼ੋਰ ਕਰ ਸਕਦੇ ਹਨ।ਇਸ ਨਾਲ ਬੀਜਿੰਗ ਦਾ ਇਹ ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ ਕਿ ਵੱਡੀ ਗਿਣਤੀ (mass) ਤਕਨੀਕੀ ਬੜ੍ਹਤ ਨੂੰ ਕੁਝ ਹੱਦ ਤੱਕ ਬੇਅਸਰ ਕਰ ਸਕਦੀ ਹੈ, ਅਤੇ ਡਰੋਨਾਂ ਨੂੰ ਸਿਰਫ਼ ਨਿਗਰਾਨੀ ਜਾਂ ਹਮਲੇ ਦੇ ਪਲੇਟਫਾਰਮਾਂ ਵਜੋਂ ਹੀ ਨਹੀਂ, ਸਗੋਂ ਗੋਲਾ-ਬਾਰੂਦ ਵਾਂਗ ਵੀ ਵਰਤਿਆ ਜਾ ਸਕਦਾ ਹੈ।
ਇੱਥੋਂ ਤੱਕ ਕਿ ਪਰਤਦਾਰ ਰੱਖਿਆ ਪ੍ਰਣਾਲੀਆਂ, ਜਿਵੇਂ ਕਿ ਆਇਰਨ ਡੋਮ ਅਤੇ ਆਇਰਨ ਬੀਮ, ਵੀ ਸਮਰੱਥਾ (ਸੈਚੁਰੇਸ਼ਨ ਲਿਮਿਟ) ਦੀਆਂ ਸੀਮਾਵਾਂ ਦਾ ਸਾਹਮਣਾ ਕਰਦੀਆਂ ਹਨ, ਜਿਸ ਨਾਲ ਮਿਸਾਈਲਾਂ ਅਤੇ ਡਰੋਨਾਂ ਵੱਲੋਂ ਵਾਰ-ਵਾਰ ਘੁਸਪੈਠ ਸੰਭਵ ਹੋ ਜਾਂਦੀ ਹੈ। ਮਿਸਾਈਲਾਂ ਦੇ ਪੇਲੋਡ ਵਿੱਚ ਕਲੱਸਟਰ ਗੋਲਾ-ਬਾਰੂਦ ਨੂੰ ਸ਼ਾਮਲ ਕਰਨਾ ਇਸ ਚੁਣੌਤੀ ਨੂੰ ਹੋਰ ਗੰਭੀਰ ਬਣਾ ਦਿੰਦਾ ਹੈ, ਜਿਸ ਕਾਰਨ ਬਚਾਅ ਪੱਖ ਰੱਖਿਆਕਰਤਾਵਾਂ ਨੂੰ ਘੱਟ ਕੀਮਤ ਦੇ ਖਤਰਿਆਂ ਦੇ ਵਿਰੁੱਧ ਕਰੋੜਾਂ ਡਾਲਰ ਮੁੱਲ ਦੇ ਇੰਟਰਸੈਪਟਰ ਖਰਚਣੇ ਪੈਂਦੇ ਹਨ। ਇਸ ਨਾਲ ਹਵਾਈ ਰੱਖਿਆ ਪ੍ਰਣਾਲੀਆਂ ਦੀ ਕਾਰਗੁਜ਼ਾਰੀ ਅਤੇ ਲਚਕੀਲੇਪਣ ਵਿੱਚ ਕਮੀ ਆਉਂਦੀ ਹੈ।ਪੀਐੱਲਏ (ਪੀਪਲਜ਼ ਲਿਬਰੇਸ਼ਨ ਆਰਮੀ) ਨੇ ਅਮਰੀਕੀ ਗੋਲਾ-ਬਾਰੂਦ ਦੇ ਖ਼ਤਮ ਹੋ ਜਾਣ ਅਤੇ ਉਨ੍ਹਾਂ ਦੀ ਤੇਜ਼ੀ ਨਾਲ ਭਰਪਾਈ ਕਰਨ ਲਈ ਉਦਯੋਗਿਕ ਸਮਰੱਥਾ ਦੀ ਘਾਟ ਨੂੰ ਇੱਕ ਗੰਭੀਰ ਕਮਜ਼ੋਰੀ ਵਜੋਂ ਦੇਖਿਆ ਹੈ। ਖ਼ਾਸ ਤੌਰ ’ਤੇ, ਸਿਰਫ਼ 12 ਦਿਨਾਂ ਵਿੱਚ ਲਗਭਗ 80 RIM-161 ਸਟੈਂਡਰਡ ਮਿਸਾਈਲ-3 (SM-3) ਇੰਟਰਸੈਪਟਰ ਵਰਤੇ ਗਏ, ਜੋ ਤਕਰੀਬਨ ਇੱਕ ਸਾਲ ਦੀ ਉਤਪਾਦਨ ਮਾਤਰਾ ਦੇ ਬਰਾਬਰ ਹਨ।
ਅਤੇ ਜੇਕਰ ਇਰਾਨ ਨੇ, ਆਪਣੇ ਮੁਕਾਬਲਤਨ ਸੀਮਿਤ ਉਤਪਾਦਨ ਢਾਂਚੇ ਦੇ ਬਾਵਜੂਦ, ਅਮਰੀਕੀ ਇੰਟਰਸੈਪਟਰ ਦੇ ਭੰਡਾਰਾਂ ’ਤੇ ਦਬਾਅ ਪਾਇਆ ਹੈ, ਤਾਂ ਚੀਨ ਦਾ ਵਿਸ਼ਾਲ ਉਦਯੋਗਿਕ ਅਧਾਰ ਅਤੇ ਤੇਜ਼ੀ ਨਾਲ ਉਤਪਾਦਨ ਵਧਾਉਣ ਦੀ ਸਮਰੱਥਾ, ਸੰਤ੍ਰਪਤੀ ਰਣਨੀਤੀਆਂ ਦੇ ਨਾਲ ਮਿਲ ਕੇ, ਵਿਰੋਧੀ ਲਈ ਇਸ ਤੋਂ ਵੀ ਵੱਧ ਭਾਰੀ ਚੁਣੌਤੀ ਸਾਬਤ ਹੋ ਸਕਦੀ ਹੈ। ਇਸ ਦਾ ਅਰਥ ਸਪੱਸ਼ਟ ਹੈ—ਉਤਪਾਦਨ ਵਿੱਚ ਆਤਮਨਿਰਭਰਤਾ, ਅੰਤ-ਤੋਂ-ਅੰਤ ਸਪਲਾਈ ਚੇਨ ’ਤੇ ਨਿਯੰਤਰਣ, ਅਤੇ ਲੋੜ ਪੈਣ ’ਤੇ ਤੇਜ਼ੀ ਨਾਲ ਉਤਪਾਦਨ ਵਧਾਉਣ ਦੀ ਸਮਰੱਥਾ ਕਿਸੇ ਵੀ ਟਕਰਾਅ ਦੀ ਦਿਸ਼ਾ ਅਤੇ ਉਸ ਦੀ ਲੰਬੇ ਸਮੇਂ ਤੱਕ ਟਿਕਾਊਪਣ ਨੂੰ ਨਿਰਧਾਰਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਂਦੀਆਂ ਹਨ।
ਇਸ ਵਿਚਾਰ-ਵਟਾਂਦਰੇ ਦਾ ਦੂਜਾ ਮੁੱਖ ਵਿਸ਼ਾ ਚੀਨ ਅਤੇ ਵਿਸ਼ਵ ਅਰਥਵਿਵਸਥਾ ਲਈ ਸਮੁੰਦਰੀ ਸੰਕੁਚਿਤ ਮਾਰਗਾਂ (ਮੈਰੀਟਾਈਮ ਚੋਕਪੋਇੰਟਸ) ਦੀ ਕਮਜ਼ੋਰੀ ਹੈ। ਚੀਨੀ ਵਿਚਾਰਧਾਰਕ ਚਰਚਾ ਵਿੱਚ ਇਸ ਨੂੰ “ਰਣਨੀਤਿਕ ਘੁੱਟਣ” (ਸਟ੍ਰੈਟੇਜਿਕ ਸਫ਼ੋਕੇਸ਼ਨ) ਕਿਹਾ ਜਾਂਦਾ ਹੈ। ਇਸ ਦਾ ਖ਼ਤਰਾ ਇਹ ਹੈ ਕਿ ਊਰਜਾ, ਵਪਾਰ ਅਤੇ ਸਮੁੰਦਰੀ ਮਾਰਗਾਂ ਵਿੱਚ ਰੁਕਾਵਟ ਪੈਣ ਨਾਲ ਆਯਾਤ ’ਤੇ ਨਿਰਭਰ ਚੀਨੀ ਅਰਥਵਿਵਸਥਾ ਅਸਥਿਰ ਹੋ ਸਕਦੀ ਹੈ।ਇਸ ਸੰਦਰਭ ਵਿੱਚ ਦੋ ਸਮੁੰਦਰੀ ਸੰਕੁਚਿਤ ਮਾਰਗ (ਚੋਕਪੋਇੰਟ) ਕੇਂਦਰੀ ਮਹੱਤਤਾ ਰੱਖਦੇ ਹਨ—ਹੋਰਮੁਜ਼ ਦੀ ਖਾੜੀ (ਸਟ੍ਰੇਟ ਆਫ਼ ਹੋਰਮੁਜ਼) ਅਤੇ ਮਲਾਕਾ ਦਾ ਰਾਹ (ਸਟ੍ਰੇਟ ਆਫ਼ ਮਲਾਕਾ)। ਹਾਲਾਂਕਿ ਬੀਜਿੰਗ ਊਰਜਾ ਆਯਾਤ ਦੇ ਸਰੋਤਾਂ ਅਤੇ ਵਪਾਰਕ ਮਾਰਗਾਂ ਵਿੱਚ ਵਿਭਿੰਨਤਾ ਲਿਆ ਸਕਦਾ ਹੈ ਅਤੇ ਪਾਈਪਲਾਈਨਾਂ ਰਾਹੀਂ ਰੂਸ ਅਤੇ ਮੱਧ ਏਸ਼ੀਆ ’ਤੇ ਜ਼ਮੀਨੀ ਨਿਰਭਰਤਾ ਵਧਾ ਸਕਦਾ ਹੈ, ਫਿਰ ਵੀ ਸਮੁੰਦਰੀ ਸੰਕੁਚਿਤ ਮਾਰਗਾਂ ਦੀ ਲਗਾਤਾਰ ਮੌਜੂਦ ਕਮਜ਼ੋਰੀ ਇੱਕ ਟਿਕਾਊ ਰਣਨੀਤਿਕ ਜਵਾਬ ਦੀ ਮੰਗ ਕਰਦੀ ਹੈ।
ਇਸ ਲਈ ਪੀਐੱਲਏ (ਪੀਪਲਜ਼ ਲਿਬਰੇਸ਼ਨ ਆਰਮੀ) ਨੇਵੀ ਵਿੱਚ ਇੱਕ ਸਿਧਾਂਤਕ ਤਬਦੀਲੀ ਦੀ ਲੋੜ ਹੈ – ਨੇੜਲੇ ਸਮੁੰਦਰੀ ਬਚਾਅ (ਨੀਅਰ-ਸੀਜ਼ ਡਿਫੈਂਸ) 'ਤੇ ਬਹੁਤ ਜ਼ਿਆਦਾ ਜ਼ੋਰ ਦੇਣ ਦੀ ਬਜਾਏ, ਭਰੋਸੇਮੰਦ ਦੂਰ-ਸਮੁੰਦਰੀ ਭਰੋਸੇਯੋਗ ਸੁਰੱਖਿਆ (ਫ਼ਾਰ-ਸੀਜ਼ ਪ੍ਰੋਟੈਕਸ਼ਨ) ਵੱਲ ਧਿਆਨ ਦੇਣਾ। ਸਮੁੰਦਰੀ ਨਿਯੰਤਰਣ ਦੀ ਅੰਦਰੂਨੀ ਤੌਰ 'ਤੇ ਬਦਲਦੀ ਰਹਿਣ ਵਾਲੀ ਪ੍ਰਕਿਰਤੀ ਨੂੰ ਦੇਖਦਿਆਂ, ਜਿਸ ਨੂੰ ਝਾਂਗ ਵੈਨਮੂ ਨੇ "ਦੂਜਿਆਂ ਦੇ ਫੜੇ ਤੂੜੀ ਰਾਹੀਂ ਪਾਣੀ ਪੀਣਾ" ਵਜੋਂ ਉਚਿਤ ਰੂਪ ਵਿੱਚ ਦਰਸਾਇਆ ਹੈ, ਚੀਨ ਨੂੰ ਆਪਣੀ ਸਮੁੰਦਰੀ ਸ਼ਕਤੀ-ਪ੍ਰੋਜੈਕਸ਼ਨ ਸਮਰੱਥਾਵਾਂ (ਨੇਵਲ ਪਾਵਰ-ਪ੍ਰੋਜੈਕਸ਼ਨ) ਦੇ ਵਿਸਥਾਰ ਨੂੰ ਤਰਜੀਹ ਦੇਣੀ ਚਾਹੀਦੀ ਹੈ।ਇਸ ਪਰਿਪੇਖ ਵਿੱਚ, ਹਮਲਾਵਰ ਸਮਰੱਥਾ ਵਾਲੇ ਜਲ ਸੈਨਾ ਦੇ ਸਾਧਨਾਂ—ਖ਼ਾਸ ਤੌਰ ’ਤੇ ਵਿਮਾਨਵਾਹਕ ਜਹਾਜ਼ਾਂ ਅਤੇ ਪਰਮਾਣੂ ਪਣਡੁੱਬੀਆਂ (ਨਿਊਕਲੀਅਰ ਸਬਮਰੀਨਜ਼ )—ਨੂੰ ਮਜ਼ਬੂਤ ਕਰਨਾ ਅਤੇ ਜਿਬੂਤੀ ਅਤੇ ਗਵਾਦਰ ਵਿਖੇ ਸਮੁੰਦਰੀ ਜਲ ਸੈਨਾ ਲਈ ਡੂੰਘੇ ਸਮੁੰਦਰੀ ਅੱਡੇ(ਨੇਵਲ ਡੀਪ-ਸੀਜ਼ ਬੇਸਿੰਗ) ਸਥਾਪਤ ਕਰਨ ਦੀਆਂ ਸਮਰੱਥਾਵਾਂ ਨੂੰ ਵਧਾਉਣਾ ਜ਼ਰੂਰੀ ਹੈ, ਤਾਂ ਜੋ ਲੰਬੇ ਸਮੇਂ ਤੱਕ ਊਰਜਾ ਦੀ ਨਿਰੰਤਰ ਆਵਾਜਾਈ ਸੁਰੱਖਿਅਤ ਰਹੇ ਅਤੇ ਆਰਥਿਕ ਲਚਕੀਲੇਪਣ(ਇਕਨਾਮਿਕ ਰੈਜ਼ੀਲੀਐਂਸ) ਨੂੰ ਕਾਇਮ ਰੱਖਿਆ ਜਾ ਸਕੇ।
ਇੰਟੈਲੀਜੈਂਸ ਚੀਨੀ ਵਿਚਾਰ-ਵਟਾਂਦਰੇ ਵਿੱਚ ਤੀਜਾ ਪ੍ਰਮੁੱਖ ਵਿਸ਼ਾ ਹੈ। ਉੱਚ- ਪੱਧਰੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਉਣ ਲਈ ਸਟੀਕ ਅਤੇ ਕਾਰਵਾਈਯੋਗ ਖੁਫੀਆ ਜਾਣਕਾਰੀ ਦੀ ਨਿਰਣਾਇਕ ਭੂਮਿਕਾ ਬਹੁਤ ਮਹੱਤਵਪੂਰਨ ਹੋ ਗਈ ਹੈ। ਬੀਜਿੰਗ ਦਾ ਮੰਨਣਾ ਹੈ ਕਿ ਇਰਾਨੀ ਲੀਡਰਸ਼ਿਪ(ਆਗੂ ਵਰਗ) ਦੇ ਅੰਦਰ ਡੂੰਘੀ ਘੁਸਪੈਠ ਇਸ ਮਾਮਲੇ ਵਿੱਚ ਇੱਕ ਮਹੱਤਵਪੂਰਨ ਸਹਾਇਕ ਕਾਰਕ ਸੀ।ਇਸੇ ਅਨੁਸਾਰ, ਪੀਐਲਏ ਡੇਲੀ ਨੇ ਚੇਤਾਵਨੀ ਦਿੱਤੀ ਕਿ ਅੰਦਰੂਨੀ ਕਮਜ਼ੋਰੀਆਂ ਅਤੇ ਸਾਬੋਟਾਜ਼ ਗੰਭੀਰ ਖ਼ਤਰੇ ਪੈਦਾ ਕਰਦੀਆਂ ਹਨ। ਇਸ ਨਾਲ ਚੀਨ ਵਿੱਚ, ਖ਼ਾਸ ਤੌਰ ’ਤੇ ਪੀਐਲਏ (ਪੀਪਲਜ਼ ਲਿਬਰੇਸ਼ਨ ਆਰਮੀ) ਵਿੱਚ, ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮਾਂ ਅਤੇ ਰਾਜਨੀਤਿਕ ‘ਪੂਰਨ ਵਫ਼ਾਦਾਰੀ’ ਦੀਆਂ ਮੁਹਿੰਮਾਂ ਨੂੰ ਹੋਰ ਗਤੀ ਪ੍ਰਦਾਨ ਮਿਲਦਾ ਹੈ।
ਤਕਨੀਕੀ ਖੁਫੀਆ ਜਾਣਕਾਰੀ, ਖ਼ਾਸ ਤੌਰ ’ਤੇ ਪੁਲਾੜ-ਅਧਾਰਿਤ ਖੁਫੀਆ ਸਮਰੱਥਾਵਾਂ , ਵੀ ਇੱਕ ਮਹੱਤਵਪੂਰਨ ਸਹਾਇਕ ਤੱਤ ਵਜੋਂ ਉਭਰੀਆਂ ਹਨ। ਜਿਲਿਨ-1 ਅਤੇ ਬੇਈਡੌ-3 ਵਰਗੀਆਂ ਚੀਨੀ ਪ੍ਰਣਾਲੀਆਂ ਨੇ ਜੰਗੀ ਕਾਰਵਾਈਆਂ ਵਿੱਚ ਵਰਤੋਂ ਲਈ ਲਗਾਤਾਰ ਤਸਵੀਰਾਂ/ਨਿਗਰਾਨੀ, ਸੁਰੱਖਿਅਤ ਸੰਚਾਰ ਅਤੇ ਰੀਅਲ-ਟਾਈਮ ਡਾਟਾ ਟ੍ਰਾਂਸਫਰ ਮੁਹੱਈਆ ਕਰਵਾਇਆ ਹੈ। ਉੱਚ-ਆਵ੍ਰਿਤੀ ਵਾਲੀ ਅਤੇ ਬਹੁ-ਸਪੈਕਟ੍ਰਮ ਖੁਫੀਆ ਜਾਣਕਾਰੀ ਦੀ ਉਪਲਬਧਤਾ ਰਵਾਇਤੀ “ਜੰਗ ਦੇ ਧੁੰਦਲੇਪਣ” ਨੂੰ ਹੌਲੀ-ਹੌਲੀ ਘਟਾ ਰਹੀ ਹੈ, ਜਿਸ ਨਾਲ ਇੱਕ ਪਾਰਦਰਸ਼ੀ “ਕੱਚ ਦੇ ਯੁੱਧ-ਖੇਤਰ” ਦਾ ਰੂਪ ਉਭਰ ਰਿਹਾ ਹੈ।ਰਿਪੋਰਟਾਂ ਮੁਤਾਬਕ, ਬੀਜਿੰਗ ਨੇ ਇਰਾਨੀ ਜੰਗੀ ਮੈਦਾਨ ਤੋਂ ਪ੍ਰਾਪਤ ਕਾਰਵਾਈ-ਸਬੰਧੀ ਡਾਟਾ ਦੀ ਵਰਤੋਂ ਬੇਈਡੌ -3 ਨੂੰ ਇਸ ਤਰੀਕੇ ਨਾਲ ਪ੍ਰੋਗਰਾਮ ਕਰਨ ਲਈ ਕੀਤੀ ਹੈ ਕਿ ਇਸ ਦੀ ਐੱਫ /F-35 ਅਤੇ ਰਣਨੀਤਿਕ ਬੰਬਵਰ ਜਹਾਜ਼ਾਂ ਵਰਗੀਆਂ ਉੱਨਤ ਪਲੇਟਫਾਰਮਾਂ ਨੂੰ ਪਛਾਣਣ ਅਤੇ ਉਨ੍ਹਾਂ ਦੀ ਵਰਗੀਕਰਨ ਕਰਨ ਦੀ ਸਮਰੱਥਾ ਵਧਾਈ ਜਾ ਸਕੇ।
ਇਹ ਵਿਕਾਸ ਫੈਸਲਾ ਲੈਣ ਦੇ ਚੱਕਰ ਨੂੰ ਹੋਰ ਸੰਕੁਚਿਤ ਕਰਦੇ ਹਨ ਅਤੇ “ਕਿਲ ਚੇਨ” ਨੂੰ ਛੋਟਾ ਕਰਦੇ ਹਨ। ਇਸ ਨਾਲ ਮੋਬਾਈਲ ਅਤੇ ਉੱਚ-ਮਹੱਤਵ ਵਾਲੇ ਟੀਚਿਆਂ, ਜਿਨ੍ਹਾਂ ਵਿੱਚ ਸਟੈਲਥ ਲੜਾਕੂ ਜਹਾਜ਼ ਅਤੇ ਏਅਰਕ੍ਰਾਫਟ ਕੈਰੀਅਰ ਜਹਾਜ਼ ਸ਼ਾਮਲ ਹਨ, ਨੂੰ ਵਧੇਰੇ ਸਟੀਕਤਾ ਨਾਲ ਨਿਸ਼ਾਨਾ ਬਣਾਉਣਾ ਸੰਭਵ ਹੁੰਦਾ ਹੈ।ਪੀਐੱਲਏ (ਪੀਪਲਜ਼ ਲਿਬਰੇਸ਼ਨ ਆਰਮੀ) ਲਈ ਸਬਕ ਸਪਸ਼ਟ ਹੈ—ਭਵਿੱਖ ਦੀ ਉੱਚ-ਤਕਨੀਕੀ ਜੰਗ ਵਿੱਚ ਵੱਖ-ਵੱਖ ਖੇਤਰਾਂ ਵਿੱਚ ਖੁਫੀਆ ਜਾਣਕਾਰੀ, ਨਿਗਰਾਨੀ ਅਤੇ ਟੋਹ-ਪਛਾਣ ਦਾ ਏਕੀਕਰਨ ਬੇਹੱਦ ਜ਼ਰੂਰੀ ਹੋਵੇਗਾ। ਇਸ ਦੌਰਾਨ ਇਲੈਕਟ੍ਰਾਨਿਕ ਸਰਵਭੌਮਤਾ ਅਤੇ ਜੈਮਿੰਗ-ਵਿਰੋਧੀ ਲਚੀਲਾਪਣ ਨਿਰਣਾਇਕ ਮਹੱਤਵ ਰੱਖਣਗੇ।
ਚੌਥਾ ਨਿਰੀਖਣ ਬਹੁਤ ਸਪਸ਼ਟ ਹੈ—ਉੱਚ-ਤੀਬਰਤਾ ਵਾਲੀ ਜੰਗ ਤਿਆਰੀ ਅਤੇ ਕਾਰਜਕੁਸ਼ਲਤਾ ਨੂੰ ਤੇਜ਼ੀ ਨਾਲ ਘਟਾ ਦਿੰਦੀ ਹੈ। ਇਸ ਸੰਘਰਸ਼ ਦੀ ਸ਼ੁਰੂਆਤ ਵਿੱਚ ਅਮਰੀਕੀ ਲੜਾਕੂ ਜਹਾਜ਼ਾਂ ਦੀ ਉਪਲਬਧਤਾ 85 ਪ੍ਰਤੀਸ਼ਤ ਤੋਂ ਵੱਧ ਸੀ, ਪਰ ਦੂਜੇ ਹਫ਼ਤੇ ਤੋਂ ਬਾਅਦ ਇਹ ਤੇਜ਼ੀ ਨਾਲ ਘਟਣ ਲੱਗੀ। ਇਸ ਦਾ ਕਾਰਨ ਪੁਰਜ਼ਿਆਂ ਦੀ ਕੈਨਿਬਲਾਈਜ਼ੇਸ਼ਨ (ਆਪਸੀ ਵਰਤੋਂ)—ਅਰਥਾਤ ਇੱਕ ਜਹਾਜ਼ ਤੋਂ ਪੁਰਜ਼ੇ ਕੱਢ ਕੇ ਦੂਜੇ ਜਹਾਜ਼ ਨੂੰ ਚਾਲੂ ਰੱਖਣਾ—ਅਤੇ ਕਰੂ ਦੀ ਥਕਾਵਟ ਸੀ, ਜਿਸ ਨੇ ਉਡਾਣਾਂ ਦੀ ਗਿਣਤੀ ਨੂੰ ਪ੍ਰਭਾਵਿਤ ਕੀਤਾ। ਲਗਾਤਾਰ ਉੱਚ ਕਾਰਜਸ਼ੀਲ ਰਫ਼ਤਾਰ ਨੇ ਯੂਐੱਸਐੱਸ ਗੇਰਾਲਡ ਆਰ. ਫੋਰਡ ਵਰਗੇ ਮੋਹਰੀ ਮੋਰਚੇ ਦੇ ਪਲੇਟਫਾਰਮਾਂ ਵਿੱਚ ਤੇਜ਼ੀ ਨਾਲ ਸਿਸਟਮ ਥਕਾਵਟ ਪੈਦਾ ਕੀਤੀ। ਇਸ ਦੇ ਨਾਲ ਹੀ, ਲਾਜਿਸਟਿਕ ਹਕੀਕਤਾਂ ਕਾਰਨ ਅਮਰੀਕਾ ਨੂੰ ਦੱਖਣੀ ਕੋਰੀਆ ਤੋਂ ਮੁੱਖ ਹਵਾਈ ਰੱਖਿਆ ਸੰਪਤੀਆਂ ਨੂੰ ਮੁੜ ਤਾਇਨਾਤ ਕਰਨ ਲਈ ਮਜਬੂਰ ਕੀਤਾ ।ਬੀਜਿੰਗ ਦਾ ਅਨੁਮਾਨ ਹੈ ਕਿ ਇੱਕੋ ਸਮੇਂ ਦੋ ਵੱਡੇ ਸੰਘਰਸ਼ਾਂ ਟਕਰਾਵਾਂ ਵਿੱਚ ਲੜਨ ਦੀ ਅਮਰੀਕਾ ਦੀ ਸਮਰੱਥਾ ਹਾਲੇ ਵੀ ਸੰਦੇਹਜਨਕ ਅਤੇ ਅਨਿਸ਼ਚਿਤ ਹੈ।
ਪੰਜਵਾਂ ਮੁੱਖ ਸਬਕ ਸ਼ੁਰੂਆਤੀ ਪੜਾਅ ਵਿੱਚ ਇਲੈਕਟ੍ਰਾਨਿਕ ਯੁੱਧ ਅਤੇ ਡੂੰਘੇ ਭੂਮੀਗਤ ਕਮਾਂਡ ਸਿਸਟਮਾਂ ਦੀ ਮਹੱਤਵਪੂਰਣ ਭੂਮਿਕਾ ਨੂੰ ਉਜਾਗਰ ਕਰਦਾ ਹੈ। ਅਮਰੀਕੀ ਬੰਕਰ-ਬਸਟਿੰਗ ਹਮਲਿਆਂ ਦੇ ਬਾਵਜੂਦ, ਈਰਾਨ ਦੀਆਂ ਮੁੱਖ ਸਮਰੱਥਾਵਾਂ ਮਜ਼ਬੂਤ ਢਾਂਚਿਆਂ ਅਤੇ ਸ਼ੂਟ-ਐਂਡ-ਸਕੂਟ ਰਣਨੀਤੀਆਂ ਕਾਰਨ ਬਚੀਆਂ ਰਹੀਆਂ ਹਨ, ਜੋ ਡੂੰਘਾਈ, ਵਾਧੂ ਪ੍ਰਬੰਧਾਂ, ਲੁਕਵੇਂ ਠਿਕਾਣਿਆਂ, ਅਤੇ ਭੂਮੀਗਤ ਬੁਨਿਆਦੀ ਢਾਂਚੇ ਵਿੱਚ ਨਿਵੇਸ਼ਾਂ 'ਤੇ ਬੀਜਿੰਗ ਦੇ ਧਿਆਨ ਨੂੰ ਰੇਖਾਂਕਿਤ ਕਰਦਾ ਹੈ।
ਅੰਤ ਵਿੱਚ, ਖਿਤਿਜੀ ਵਾਧਾ (ਹੌਰੀਜ਼ੌਂਟਲ ਐਸਕਲੇਸ਼ਨ) ਪੀ.ਐਲ.ਏ. (ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ) ਲਈ ਇੱਕ ਮਹੱਤਵਪੂਰਨ ਸਬਕ ਵਜੋਂ ਉਭਰ ਕੇ ਸਾਹਮਣੇ ਆਇਆ ਹੈ। ਬੀਜਿੰਗ ਅਮਰੀਕੀ ਫੌਜਾਂ ਦੀ ਮੇਜ਼ਬਾਨੀ ਕਰਨ ਦੇ ਖ਼ਤਰਿਆਂ ਨੂੰ ਗਠਜੋੜ ਪ੍ਰਤੀਬੱਧਤਾਵਾਂ ਤੋਂ ਮਿਲਣ ਵਾਲੇ ਫਾਇਦਿਆਂ ਨਾਲੋਂ ਵੱਧ ਬਣਾ ਸਕਦਾ ਹੈ। ਫਿਲੀਪੀਨਜ਼ ਦੇ ਲੂਜ਼ੋਨ ਅਤੇ ਜਪਾਨ ਦੇ ਓਕੀਨਾਵਾ ਵਰਗੀਆਂ ਥਾਵਾਂ ’ਤੇ ਸਥਿਤ ਅਗਾਂਹਵਧੂ ਫੌਜੀ ਅੱਡੇ ਖ਼ਾਸ ਤੌਰ ’ਤੇ ਕਮਜ਼ੋਰ ਹੋ ਸਕਦੇ ਹਨ, ਜਿਸ ਕਾਰਨ ਇਹ ਕਿਸੇ ਵੀ ਉੱਚ-ਖ਼ਤਰੇ ਵਾਲੀ ਤਣਾਅ-ਵਧਾਉਣ ਦੀ ਰਣਨੀਤੀ ਦਾ ਕੇਂਦਰੀ ਹਿੱਸਾ ਬਣ ਸਕਦੇ ਹਨ।ਇਸ ਤੋਂ ਇਲਾਵਾ, ਖੇਤਰ ਦੀਆਂ ਮਹੱਤਵਪੂਰਨ ਸਮੁੰਦਰੀ ਆਵਾਜਾਈ ਲਾਈਨਾਂ ਅਤੇ ਰਣਨੀਤਕ ਸਮੁੰਦਰੀ ਰਸਤੇ ਨੂੰ ਖ਼ਤਰੇ ਵਿੱਚ ਪਾ ਕੇ, ਚੀਨ ਅਮਰੀਕੀ ਸਹਿਯੋਗੀ ਦੇਸ਼ਾਂ ’ਤੇ ਸਿੱਧੇ ਆਰਥਿਕ ਖ਼ਰਚੇ ਥੋਪ ਸਕਦਾ ਹੈ ਅਤੇ ਉਨ੍ਹਾਂ ’ਤੇ ਕਿਸੇ ਸੰਭਾਵਿਤ ਟਕਰਾਅ ਤੋਂ ਦੂਰ ਰਹਿਣ ਲਈ ਦਬਾਅ ਪਾ ਸਕਦਾ ਹੈ।
ਈਰਾਨ ਵਿੱਚ ਟਕਰਾਅ ਤੋਂ ਇਹ ਸਬਕ ਇੱਕ ਪਾਸੇ, ਪੀ.ਐਲ.ਏ. ਦੀ ਇਹਨਾਂ ਸੂਝਾਂ ਨੂੰ ਸਿੱਖਿਆਵਾਂ ਨੂੰ ਕਾਰਗੁਜ਼ਾਰੀ ਸਮਰੱਥਾ ਵਿੱਚ ਬਦਲਣ ਵਿੱਚ ਪ੍ਰਭਾਵਸ਼ੀਲਤਾ ਨਾ ਸਿਰਫ਼ ਇੱਕ ਅਮਰੀਕਾ-ਚੀਨ ਅਮਰੀਕਾ–ਚੀਨ ਟਕਰਾਅ ਦੀ ਸਥਿਤੀ ਵਿੱਚ, ਸਗੋਂ ਦੱਖਣੀ ਏਸ਼ੀਆ ਸਮੇਤ ਹੋਰ ਖੇਤਰਾਂ ਵਿੱਚ ਵੀ ਬੇਹੱਦ ਮਹੱਤਵਪੂਰਨ ਹੋਵੇਗੀ।
ਇਹ ਲੇਖ ਮੂਲ ਰੂਪ ਵਿੱਚ ਦਿ ਟ੍ਰਿਬਿਊਨ ਵਿੱਚ ਸੈਂਟਰ ਆਫ਼ ਐਕਸੀਲੈਂਸ ਫਾਰ ਹਿਮਾਲਯਨ ਸਟੱਡੀਜ਼ ਨਾਲ ਹੋਏ ਇੱਕ ਪ੍ਰਬੰਧ ਤਹਿਤ ਪ੍ਰਕਾਸ਼ਿਤ ਕੀਤਾ ਗਿਆ ਸੀ।
ਲੇਖਕ ਬਾਰੇ: ਡਾ. ਅਤੁਲ ਕੁਮਾਰ ਨਵੀਂ ਦਿੱਲੀ ਸਥਿਤ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਰਣਨੀਤਕ ਅਧਿਐਨ ਪ੍ਰੋਗਰਾਮ ਵਿੱਚ ਨੈਸ਼ਨਲ ਸਕਿਊਰਿਟੀ ਅਤੇ ਚਾਈਨਾ ਸਟੱਡੀਜ਼ ਦੇ ਫੈਲੋ ਹਨ।
This article was originally published in The Tribune as part of an arrangement with the Centre of Excellence for Himalayan Studies
Translated by Jaspreet Singh