ਪਾਕਿਸਤਾਨ ਵਿੱਚ ਚੀਨੀ ਨਾਗਰਿਕ: " ਲੋਹੇ ਵਰਗੀ ਭਰਾਵਾਂ ਵਾਲੀ ਦੋਸਤੀ" ਜਾਂ ਇੱਕ ਲੋਹੇ ਦਾ ਪਿੰਜਰਾ ?
ਸਾਰ
ਇਹ ਲੇਖ ਪਾਕਿਸਤਾਨ ਵਿੱਚ ਰਹਿੰਦੇ ਅਤੇ ਸੈਰ-ਸਪਾਟੇ ਲਈ ਆਉਣ ਵਾਲੇ ਚੀਨੀ ਨਾਗਰਿਕਾਂ ਦੇ ਜੀਵਨ ਤਜਰਬਿਆਂ, ਤੇ ਚੀਨੀ ਨਾਗਰਿਕਾਂ ਨੂੰ ਦਰਪੇਸ਼ ਸੁਰੱਖਿਆ ਖਤਰਿਆਂ ਅਤੇ ਚੀਨੀ ਨਾਗਰਿਕਾਂ ਦੀ ਸੁਰੱਖਿਆ ਲਈ ਪਾਕਿਸਤਾਨ ਵੱਲੋਂ ਕੀਤੇ ਜਾਣ ਵਾਲੇ ਸੁਰੱਖਿਆ ਸਹਿਯੋਗ ਦੇ ਜ਼ਮੀਨੀ ਪੱਧਰ 'ਤੇ ਅਮਲ ਦਾ ਅਧਿਐਨ ਕਰਦਾ ਹੈ। ਇਹ ਸੁਰੱਖਿਆ ਸਹਿਯੋਗ ਕੇਵਲ ਸਰੀਰਕ ਸੁਰੱਖਿਆ ਤੱਕ ਹੀ ਸੀਮਿਤ ਨਹੀਂ, ਸਗੋਂ ਡਿਜ਼ਿਟਲ ਨਿਗਰਾਨੀ ਵੀ ਸ਼ਾਮਲ ਹੈ।ਇਸ ਲੇਖ ਵਿੱਚ ਦਲੀਲ ਦਿੱਤੀ ਗਈ ਹੈ ਕਿ ਇਸ ਤਰ੍ਹਾਂ ਦੇ ਅਤਿਅਧਿਕ ਸੁਰੱਖਿਆ ਉਪਾਵਾਂ ਨੂੰ ਵਿਦੇਸ਼ਾਂ ਵਿੱਚ ਰਹਿ ਰਹੇ ਆਪਣੇ ਨਾਗਰਿਕਾਂ ਉੱਤੇ ਚੀਨੀ ਰਾਜ ਦੀ ਨਿਗਰਾਨੀ ਦੇ ਭੌਤਿਕ ਵਿਸਤਾਰ ਵਜੋਂ ਸਮਝਿਆ ਜਾ ਸਕਦਾ ਹੈ। ਜਦੋਂ ਇਸ ਨੂੰ ਚੀਨ ਵੱਲੋਂ "ਡਿਜ਼ਿਟਲ ਸਿਲਕ ਰੋਡ" ਰਾਹੀਂ ਡਿਜ਼ਿਟਲ ਤਕਨਾਲੋਜੀਆਂ ਅਤੇ ਨਿਗਰਾਨੀ ਪ੍ਰਣਾਲੀਆਂ ਦੇ ਨਿਰਯਾਤ ਲਈ ਕੀਤੇ ਜਾ ਰਹੇ ਯਤਨਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਤਾਂ ਚੀਨ-ਪਾਕਿਸਤਾਨ ਦੀ ਕਥਿਤ "ਆਇਰਨ ਬਰਦਰ" (ਲੋਹੇ ਵਰਗੀ ਭਰਾਵਾਂ ਵਾਲੀ ਦੋਸਤੀ )ਦੋਸਤੀ ਹੌਲੀ-ਹੌਲੀ ਇੱਕ ਐਸੇ ਸਰਹੱਦ-ਪਾਰ ਨਿਗਰਾਨੀ ਜਾਲ ਵਿੱਚ ਤਬਦੀਲ ਹੁੰਦੀ ਨਜ਼ਰ ਆਉਂਦੀ ਹੈ, ਜੋ ਭੌਤਿਕ ਅਤੇ ਡਿਜ਼ਿਟਲ—ਦੋਵੇਂ ਕਿਸਮਾਂ ਦੇ ਨਿਯੰਤਰਣ ਨੂੰ ਇਕੱਠਾ ਕਰਦੀ ਹੈ। ਨਤੀਜੇ ਵਜੋਂ, ਚੀਨੀ ਨਾਗਰਿਕ ਵਿਦੇਸ਼ਾਂ ਵਿੱਚ ਹੋਣ ਦੇ ਬਾਵਜੂਦ ਵੀ ਚੀਨੀ ਰਾਜ ਸੱਤਾ ਦੀ ਸਖ਼ਤ ਨਿਗਰਾਨੀ ਹੇਠ ਰਹਿੰਦੇ ਹਨ, ਜਿਸ ਨਾਲ ਪ੍ਰਸਿੱਧ " ਲੋਹੇ ਵਰਗੀ ਭਰਾ ਦੀ ਦੋਸਤੀ " ਦੋਸਤੀ ਚੀਨੀ ਨਾਗਰਿਕਾਂ ਲਈ ਇੱਕ "ਲੋਹੇ ਦੇ ਪਿੰਜਰੇ" ਵਰਗੀ ਸਥਿਤੀ ਦਾ ਰੂਪ ਧਾਰਦੀ ਦਿਸਦੀ ਹੈ।
ਮੁੱਖ ਸ਼ਬਦ: ਚੀਨ-ਪਾਕਿਸਤਾਨ ਸੰਬੰਧ; ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀ.ਪੀ.ਈ.ਸੀ.CPEC); ਅੱਤਵਾਦੀ ਹਮਲੇ; ਡਿਜ਼ਿਟਲ ਸਿਲਕ ਰੋਡ (ਡੀ.ਐਸ.ਆਰ.DSR); ਦੇਸ਼-ਸੀਮਾਵਾਂ ਤੋਂ ਪਰੇ ਅਧਿਕਾਰ-ਖੇਤਰ (ਅਤਿ-ਖੇਤਰੀਤਾ) ।
ਹਾਲਾਂਕਿ ਚੀਨ ਅਤੇ ਪਾਕਿਸਤਾਨ ਦੋਹਾਂ ਵੱਲੋਂ ਅਧਿਕਾਰਕ ਬਿਆਨਾਂ ਵਿੱਚ ਲੰਬੇ ਸਮੇਂ ਤੋਂ ਉਨ੍ਹਾਂ ਦੇ ਆਪਸੀ ਸੰਬੰਧਾਂ ਨੂੰ "ਹਰ ਮੌਸਮ ਵਿੱਚ ਕਾਇਮ ਰਹਿਣ ਵਾਲੀ ਰਣਨੀਤਿਕ ਸਹਿਕਾਰਕ ਭਾਈਵਾਲੀ" ਵਜੋਂ ਦਰਸਾਇਆ ਜਾਂਦਾ ਰਿਹਾ ਹੈ, ਜਿਸ ਦੀ ਪਹਿਚਾਣ ਅਕਸਰ "ਆਇਰਨ ਬਰਦਰ" ਦੋਸਤੀ- ਲੋਹੇ ਵਰਗੀ ਭਰਾਵਾਂ ਵਾਲੀ ਦੋਸਤੀ” (鐵桿兄弟, tiegan xiongdi) ਨਾਲ ਕੀਤੀ ਜਾਂਦੀ ਹੈ, ਪਰ ਦੋਵੇਂ ਦੇਸ਼ਾਂ ਵਿਚਕਾਰ ਅਸਲ ਪਰਸਪਰ ਸੰਬੰਧ ਅਧਿਕਾਰਕ ਬਿਆਨਾਂ ਤੋਂ ਕਾਫ਼ੀ ਵੱਧ ਗੁੰਝਲਦਾਰ ਅਤੇ ਬਹੁ-ਪੱਖੀ ਹਨ।ਹਾਲੀਆ ਵਰ੍ਹਿਆਂ ਵਿੱਚ ਚੀਨੀ ਉਦਯੋਗਾਂ, ਚੀਨੀ ਨਾਗਰਿਕਾਂ ਅਤੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀ.ਪੀ.ਈ.ਸੀ.) ਨਾਲ ਸੰਬੰਧਿਤ ਪ੍ਰੋਜੈਕਟਾਂ ਨੂੰ ਨਿਸ਼ਾਨਾ ਬਣਾਕੇ ਕੀਤੇ ਗਏ ਵਧਦੇ ਅੱਤਵਾਦੀ ਹਮਲਿਆਂ ਨੇ ਅਧਿਕਾਰਕ ਪੱਧਰ 'ਤੇ ਪੇਸ਼ ਕੀਤੇ ਜਾਂਦੇ ਵਿਸ਼ਾਲ ਬਿਆਨ ਅਤੇ ਪਾਕਿਸਤਾਨ ਵਿੱਚ ਚੀਨੀ ਨਾਗਰਿਕਾਂ ਵੱਲੋਂ ਅਸਲ ਵਿੱਚ ਅਨੁਭਵ ਕੀਤੀਆਂ ਸਥਿਤੀਆਂ ਵਿਚਕਾਰ ਮੌਜੂਦ ਡੂੰਘੇ ਅੰਤਰ ਨੂੰ ਉਜਾਗਰ ਕੀਤਾ ਹੈ। ਇਹ ਲੇਖ ਪਾਕਿਸਤਾਨ ਵਿੱਚ ਚੀਨੀ ਨਾਗਰਿਕਾਂ ਨਾਲ ਹੋਣ ਵਾਲੇ ਅਸਲ ਵਿਹਾਰ ਅਤੇ ਉਨ੍ਹਾਂ ਨੂੰ ਦਰਪੇਸ਼ ਸੁਰੱਖਿਆ ਚੁਣੌਤੀਆਂ ਦਾ ਵਿਸ਼ਲੇਸ਼ਣ ਕਰਦਿਆਂ ਇਸ ਵਿਰੋਧਾਭਾਸ ਦੀ ਪੜਤਾਲ ਕਰਨ ਦਾ ਯਤਨ ਕਰਦਾ ਹੈ।
ਕਾਰਜ-ਵਿਧੀ ਦੇ ਪੱਖੋਂ, ਇਹ ਅਧਿਐਨ 2018 ਤੋਂ ਬਾਅਦ ਦੇ ਸਮਕਾਲੀ ਚੀਨ-ਪਾਕਿਸਤਾਨ ਸੰਬੰਧਾਂ ਉੱਤੇ ਕੇਂਦ੍ਰਿਤ ਹੈ। ਇਸ ਵਿੱਚ ਸੋਸ਼ਲ ਮੀਡੀਆ ਮੰਚ ਟਿੱਕਟੌਕ (抖音) [i] 'ਤੇ ਪਾਕਿਸਤਾਨ ਵਿੱਚ ਰਹਿ ਰਹੇ ਚੀਨੀ ਨਿਵਾਸੀਆਂ ਅਤੇ ਉੱਥੇ ਯਾਤਰਾ ਕਰਨ ਵਾਲੇ ਚੀਨੀ ਸੈਲਾਨੀਆਂ ਵੱਲੋਂ ਸਾਂਝੇ ਕੀਤੇ ਗਏ ਪ੍ਰਤੱਖ (ਫ਼ਰਸਟ-ਹੈਂਡ) ਵੀਡੀਓ ਰਿਕਾਰਡਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।ਇਨ੍ਹਾਂ ਵੀਡੀਓ ਦੇ ਆਧਾਰ 'ਤੇ, ਇਹ ਲੇਖ ਜ਼ਮੀਨੀ ਪੱਧਰ 'ਤੇ ਚੀਨੀ ਅਤੇ ਪਾਕਿਸਤਾਨੀ ਲੋਕਾਂ ਦਰਮਿਆਨ ਰੋਜ਼ਾਨਾ ਹੋਣ ਵਾਲੀਆਂ ਪਰਸਪਰ ਕਿਰਿਆਵਾਂ ਦਾ ਅਧਿਐਨ ਕਰਦਾ ਹੈ।ਅਧਿਐਨ ਦੇ ਨਤੀਜੇ ਦਰਸਾਉਂਦੇ ਹਨ ਕਿ ਪਾਕਿਸਤਾਨ ਵਿੱਚ ਰਹਿ ਰਹੇ ਚੀਨੀ ਨਾਗਰਿਕਾਂ ਨੂੰ ਗੰਭੀਰ ਸੁਰੱਖਿਆ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਦੀਆਂ ਰੋਜ਼ਾਨਾ ਦੀਆਂ ਆਵਾਜਾਈਆਂ ਪਾਕਿਸਤਾਨੀ ਪੁਲਿਸ ਵੱਲੋਂ ਲਾਗੂ ਕੀਤੇ ਗਏ ਖਾਸ ਸੁਰੱਖਿਆ ਉਪਾਵਾਂ ਅਧੀਨ ਸਖਤ ਸੁਰੱਖਿਆ ਅਤੇ ਪਾਬੰਦੀਆਂ ਦੇ ਅਧੀਨ ਹਨ । ਇਹ ਸਥਿਤੀ ਦਰਸਾਉਂਦੀ ਹੈ ਕਿ ਪਾਕਿਸਤਾਨ ਵਿੱਚ ਚੀਨੀ ਨਾਗਰਿਕਾਂ ਦੇ ਅਸਲ ਜੀਵਨ ਅਨੁਭਵ ਅਧਿਕਾਰਕ ਬਿਆਨਾਂ ਵਿੱਚ ਪੇਸ਼ ਕੀਤੀ ਗਈ ਤਸਵੀਰ ਨਾਲੋਂ ਕਿਤੇ ਘੱਟ ਸਥਿਰ ਅਤੇ ਆਦਰਸ਼ਕ ਹਨ।
ਇਸ ਲੇਖ ਦੀ ਰਚਨਾ ਹੇਠ ਲਿਖੇ ਅਨੁਸਾਰ ਹੈ। ਸਭ ਤੋਂ ਪਹਿਲਾਂ, ਇਸ ਵਿੱਚ ਹਾਲੀਆ ਵਰ੍ਹਿਆਂ ਦੌਰਾਨ ਪਾਕਿਸਤਾਨ ਵਿੱਚ ਚੀਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਕੇ ਕੀਤੇ ਗਏ ਅੱਤਵਾਦੀ ਹਮਲਿਆਂ ਦੇ ਇਤਿਹਾਸ ਦੀ ਸਮੀਖਿਆ ਕੀਤੀ ਗਈ ਹੈ ਅਤੇ ਦੇਸ਼ ਅੰਦਰ ਚੀਨੀ ਨਾਗਰਿਕਾਂ ਉੱਤੇ ਹਮਲਿਆਂ ਲਈ ਜ਼ਿੰਮੇਵਾਰ ਦੋ ਪ੍ਰਮੁੱਖ ਹਥਿਆਰਬੰਦ ਸੰਗਠਨਾਂ ਦਾ ਜਾਣ-ਪਛਾਣ ਕਰਵਾਇਆ ਗਿਆ ਹੈ।ਦੂਜਾ, ਇਹ ਲੇਖ ਅਜਿਹੀਆਂ ਹਿੰਸਕ ਘਟਨਾਵਾਂ ਪ੍ਰਤੀ ਚੀਨੀ ਸਰਕਾਰ ਦੀਆਂ ਪ੍ਰਤੀਕਿਰਿਆਵਾਂ ਦੇ ਵਿਕਾਸ ਦਾ ਵਿਸ਼ਲੇਸ਼ਣ ਕਰਦਾ ਹੈ। ਤੀਜੇ, ਉਪਰੋਕਤ ਪ੍ਰਤੱਖ (ਫ਼ਰਸਟ-ਹੈਂਡ) ਵੀਡੀਓ ਸਮੱਗਰੀ ਦੇ ਆਧਾਰ 'ਤੇ, ਇਹ ਚੀਨੀ ਸਰਕਾਰ ਦੇ ਦਬਾਅ ਹੇਠ ਪਾਕਿਸਤਾਨੀ ਪੁਲਿਸ ਵੱਲੋਂ ਚੀਨੀ ਨਾਗਰਿਕਾਂ ਲਈ ਲਾਗੂ ਕੀਤੇ ਗਏ ਸੁਰੱਖਿਆ ਉਪਾਵਾਂ ਦਾ ਅਧਿਐਨ ਕਰਦਾ ਹੈ। ਅੰਤ ਵਿੱਚ, ਲੇਖ ਇਹ ਵੀ ਵਿਸ਼ਲੇਸ਼ਣ ਕਰਦਾ ਹੈ ਕਿ ਇਹ ਵਿਸਤ੍ਰਿਤ ਸੁਰੱਖਿਆ ਪ੍ਰਬੰਧ, ਭਾਵੇਂ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਕੀਤੇ ਗਏ ਹਨ, ਪਰ ਅਮਲ ਵਿੱਚ ਇਹ ਚੀਨੀ ਨਾਗਰਿਕਾਂ ਦੀ ਨਿੱਜਤਾ ਅਤੇ ਵਿਅਕਤੀਗਤ ਆਜ਼ਾਦੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੀਮਿਤ ਕਰਦੇ ਹਨ। ਲੇਖ ਇਸ ਨਤੀਜੇ 'ਤੇ ਪਹੁੰਚਦਾ ਹੈ ਕਿ ਪਾਕਿਸਤਾਨ ਵਿੱਚ ਚੀਨੀ ਨਾਗਰਿਕਾਂ ਦੀ ਸੁਰੱਖਿਆ ਲਈ ਅਪਣਾਏ ਗਏ ਇਹ ਉਪਾਅ ਵਿਦੇਸ਼ਾਂ ਵਿੱਚ ਆਪਣੇ ਨਾਗਰਿਕਾਂ ਉੱਤੇ ਚੀਨੀ ਰਾਜ ਦੀ ਨਿਗਰਾਨੀ ਦੇ ਇੱਕ ਵਿਸਤਾਰ ਵਜੋਂ ਵੀ ਵੇਖੇ ਜਾ ਸਕਦੇ ਹਨ।
ਚੀਨੀ ਨਾਗਰਿਕਾਂ ਅਤੇ ਚੀਨੀ ਹਿਤਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅੱਤਵਾਦੀ ਹਮਲੇ
2018 ਦਾ ਸਾਲ ਪਾਕਿਸਤਾਨ ਅੰਦਰ ਹੋਣ ਵਾਲੇ ਅੱਤਵਾਦੀ ਹਮਲਿਆਂ ਦੇ ਸੰਦਰਭ ਵਿੱਚ ਇੱਕ ਮਹੱਤਵਪੂਰਨ ਮੋੜ ਵਜੋਂ ਦੇਖਿਆ ਜਾ ਸਕਦਾ ਹੈ। ਇਸ ਸਾਲ ਤੋਂ ਪਹਿਲਾਂ, ਅੱਤਵਾਦੀ ਸੰਗਠਨਾਂ ਵੱਲੋਂ ਕੀਤੇ ਜਾਣ ਵਾਲੇ ਹਮਲਿਆਂ ਦਾ ਮੁੱਖ ਨਿਸ਼ਾਨਾ ਆਮ ਤੌਰ 'ਤੇ ਪਾਕਿਸਤਾਨੀ ਸਰਕਾਰੀ ਸੰਸਥਾਵਾਂ, ਸੁਰੱਖਿਆ ਬਲਾਂ ਜਾਂ ਧਾਰਮਿਕ ਅਤੇ ਨਸਲੀ ਸਮੂਹ ਹੁੰਦੇ ਸਨ। ਪਰ 2018 ਤੋਂ ਬਾਅਦ, ਪਾਕਿਸਤਾਨ ਵਿੱਚ ਸਰਗਰਮ ਅੱਤਵਾਦੀ ਸੰਗਠਨਾਂ ਨੇ ਚੀਨੀ ਉਦਯੋਗਾਂ ਅਤੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਸੀ.ਪੀ.ਈ.ਸੀ. ਨਾਲ ਸੰਬੰਧਿਤ ਪ੍ਰੋਜੈਕਟਾਂ ਨੂੰ ਵਧੇਰੇ ਯੋਜਨਾਬੱਧ ਅਤੇ ਵਾਰੰਵਾਰ ਢੰਗ ਨਾਲ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ।ਕੁਝ ਮਾਮਲਿਆਂ ਵਿੱਚ, ਕੂਟਨੀਤਿਕ ਸੰਸਥਾਵਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜੋ ਸੰਭਵ ਤੌਰ 'ਤੇ ਅੰਤਰਰਾਸ਼ਟਰੀ ਜਨਮਤ ਰਾਹੀਂ ਪਾਕਿਸਤਾਨੀ ਸਰਕਾਰ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਸੀ। ਇਹ ਗੱਲ ਵੀ ਧਿਆਨਯੋਗ ਹੈ ਕਿ 2018 ਉਹ ਸਾਲ ਸੀ ਜਦੋਂ ਵੱਖਵਾਦੀ ਬਲੋਚ ਲਿਬਰੇਸ਼ਨ ਆਰਮੀ (ਬੀ.ਐਲ.ਏ.)ਦੀ ਆਤਮਘਾਤੀ ਹਮਲਾ ਇਕਾਈ ਮਜੀਦ ਬ੍ਰਿਗੇਡ ਮੁੜ ਇੱਕ ਸਰਗਰਮ ਤਾਕਤ ਵਜੋਂ ਸਾਹਮਣੇ ਆਈ। ਇਸ ਤੋਂ ਬਾਅਦ, ਇਸ ਸੰਗਠਨ ਨੇ ਚੀਨੀ ਨਿਸ਼ਾਨਿਆਂ ਨੂੰ ਕੇਂਦਰ ਬਣਾਕੇ ਕੀਤੇ ਗਏ ਕਈ ਹਮਲਿਆਂ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ (Basit 2022; Verma, Baloch & Valle 2025)।
ਪਾਕਿਸਤਾਨ ਵਿੱਚ ਹੋਏ ਅੱਤਵਾਦੀ ਹਮਲਿਆਂ ਕਾਰਨ ਚੀਨੀ ਨਾਗਰਿਕਾਂ ਅਤੇ ਸਥਾਨਕ ਪਾਕਿਸਤਾਨੀ ਨਾਗਰਿਕਾਂ ਦੋਵਾਂ ਨੂੰ ਵੱਡੇ ਪੱਧਰ 'ਤੇ ਜਾਨੀ ਨੁਕਸਾਨ ਝੱਲਣਾ ਪਿਆ ਹੈ। ਸਭ ਤੋਂ ਗੰਭੀਰ ਹਮਲਾ 2021 ਵਿੱਚ ਹੋਇਆ, ਜਦੋਂ ਖੈਬਰ ਪਖ਼ਤੂਨਖ਼ਵਾ ਸੂਬੇ ਵਿੱਚ ਚੀਨ ਵੱਲੋਂ ਬਣਾਏ ਜਾ ਰਹੇ ਦਾਸੂ ਹਾਈਡ੍ਰੋਪਾਵਰ ਪ੍ਰੋਜੈਕਟ ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਇੱਕ ਯਾਤਰੀ ਬੱਸ ਨੂੰ ਆਤਮਘਾਤੀ ਬੰਬ ਧਮਾਕੇ ਦਾ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ਵਿੱਚ ਨੌਂ ਚੀਨੀ ਨਾਗਰਿਕਾਂ ਅਤੇ ਕਈ ਪਾਕਿਸਤਾਨੀ ਨਾਗਰਿਕਾਂ ਦੀ ਮੌਤ ਹੋ ਗਈ । (BBC News Chinese 2021b) । 2022 ਵਿੱਚ, ਕਰਾਚੀ ਯੂਨੀਵਰਸਿਟੀ ਸਥਿਤ ਕਨਫ਼ਿਊਸ਼ਸ ਇੰਸਟੀਚਿਊਟ ਨੂੰ ਇੱਕ ਅੱਤਵਾਦੀ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ, ਜਿਸ ਦੇ ਨਤੀਜੇ ਵਜੋਂ ਤਿੰਨ ਚੀਨੀ ਅਧਿਆਪਕਾਂ ਦੀ ਮੌਤ ਹੋ ਗਈ (BBC News Chinese 2022), 2024 ਵਿੱਚ, ਬੇਸ਼ਮ ਖੇਤਰ ਵਿੱਚ ਇੱਕ ਹੋਰ ਹਮਲਾ ਹੋਇਆ, ਜਿਸ ਵਿੱਚ ਚੀਨੀ ਇੰਜੀਨੀਅਰਾਂ ਨੂੰ ਨਿਸ਼ਾਨਾ ਬਣਾਇਆ ਗਿਆ; ਇਸ ਘਟਨਾ ਵਿੱਚ ਪੰਜ ਚੀਨੀ ਨਾਗਰਿਕਾਂ ਅਤੇ ਇੱਕ ਪਾਕਿਸਤਾਨੀ ਡਰਾਈਵਰ ਦੀ ਮੌਤ ਹੋ ਗਈ (BBC News Chinese 2024)।
ਚੀਨੀ- ਵਿੱਤੀ ਸਹਾਇਤਾ ਪ੍ਰਾਪਤ ਪ੍ਰੋਜੈਕਟਾਂ ਅਤੇ ਚੀਨੀ ਕਰਮਚਾਰੀਆਂ ਉੱਤੇ ਕੀਤੇ ਗਏ ਹਮਲਿਆਂ ਤੋਂ ਇਲਾਵਾ, ਪਾਕਿਸਤਾਨ ਵਿੱਚ ਕਈ ਅਜਿਹੀਆਂ ਅੱਤਵਾਦੀ ਘਟਨਾਵਾਂ ਵੀ ਵਾਪਰੀਆਂ ਹਨ ਜਿਨ੍ਹਾਂ ਵਿੱਚ ਸਿੱਧੇ ਤੌਰ 'ਤੇ ਚੀਨੀ ਕੂਟਨੀਤਿਕ ਮਿਸ਼ਨਾਂ ਅਤੇ ਉੱਚ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ। 2018 ਵਿੱਚ, ਕਰਾਚੀ ਸਥਿਤ ਚੀਨੀ ਕੌਂਸਲੇਟ ਜਨਰਲ ਉੱਤੇ ਹਥਿਆਰਬੰਦ ਹਮਲਾਵਰਾਂ ਵੱਲੋਂ ਹਮਲਾ ਕੀਤਾ ਗਿਆ (BBC News Chinese 2018)। ਇਸੇ ਤਰ੍ਹਾਂ, 2021 ਵਿੱਚ ਕਵੇਟਾ ਸਥਿਤ ਸੇਰੇਨਾ ਹੋਟਲ—ਜਿੱਥੇ ਪਾਕਿਸਤਾਨ ਵਿੱਚ ਚੀਨ ਦੇ ਰਾਜਦੂਤ ਨੋਂਗ ਰੋਂਗ (Nong Rong) ਠਹਿਰੇ ਹੋਏ ਸਨ—ਨੂੰ ਵੀ ਇੱਕ ਅੱਤਵਾਦੀ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ (BBC News Chinese 2021a)।
ਪਾਕਿਸਤਾਨ ਅੰਦਰ ਸਰਗਰਮ ਅੱਤਵਾਦੀ ਤਾਕਤਾਂ ਵੱਲੋਂ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਸੀ.ਪੀ.ਈ.ਸੀ ਲਈ ਪੈਦਾ ਕੀਤੀਆਂ ਜਾ ਰਹੀਆਂ ਸੁਰੱਖਿਆ ਚੁਣੌਤੀਆਂ ਨੂੰ ਵਿਆਪਕ ਤੌਰ 'ਤੇ ਹਿੰਸਕ ਗਤੀਵਿਧੀਆਂ ਵਿੱਚ ਸ਼ਾਮਲ ਦੋ ਮੁੱਖ ਕਿਸਮਾਂ ਦੇ ਤੱਤਾਂ ਵਿੱਚ ਵੰਡਿਆ ਜਾ ਸਕਦਾ ਹੈ—ਨਸਲੀ-ਰਾਸ਼ਟਰਵਾਦੀ ਵੱਖਵਾਦੀ ਸੰਗਠਨ ਅਤੇ ਧਾਰਮਿਕ ਅਤਿਵਾਦੀ ਸੰਗਠਨ। ਪਹਿਲੀ ਸ਼੍ਰੇਣੀ ਵਿੱਚ ਬਲੋਚ ਲਿਬਰੇਸ਼ਨ ਆਰਮੀ (ਬੀ.ਐਲ.ਏ.)ਮੁੱਖ ਪ੍ਰਤੀਨਿਧੀ ਵਜੋਂ ਸਾਹਮਣੇ ਆਉਂਦੀ ਹੈ, ਜਦਕਿ ਧਾਰਮਿਕ ਪ੍ਰੇਰਣਾ ਵਾਲੇ ਅਤਿਵਾਦੀ ਸੰਗਠਨਾਂ ਵਿੱਚ ਤਹਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਇੱਕ ਪ੍ਰਮੁੱਖ ਉਦਾਹਰਨ ਹੈ (Xiu 2021) ।
ਬੀ.ਐਲ.ਏ. ਦਾ ਮੰਨਣਾ ਹੈ ਕਿ ਚੀਨ-ਪਾਕਿਸਤਾਨ ਆਰਥਿਕ ਗਲਿਆਰਾ ਸੀ.ਪੀ.ਈ.ਸੀ. ਬਲੋਚਿਸਤਾਨ ਦੇ ਕੁਦਰਤੀ ਸਰੋਤਾਂ ਦਾ ਸ਼ੋਸ਼ਣ ਹੈ ਅਤੇ ਇਹ ਦਲੀਲ ਦਿੰਦੀ ਹੈ ਕਿ ਸਥਾਨਕ ਭਾਈਚਾਰਿਆਂ ਨੂੰ ਇਨ੍ਹਾਂ ਪ੍ਰਾਜੈਕਟਾਂ ਤੋਂ ਠੋਸ ਲਾਭ ਨਹੀਂ ਮਿਲੇ ਹਨ। ਇਸ ਆਧਾਰ 'ਤੇ, ਸੰਗਠਨ ਨੇ ਬਲੋਚਿਸਤਾਨ ਦੀ ਆਜ਼ਾਦੀ ਹਾਸਲ ਕਰਨ ਦੇ ਉਦੇਸ਼ ਨਾਲ ਹਥਿਆਰਬੰਦ ਗਤੀਵਿਧੀਆਂ ਸ਼ੁਰੂ ਕੀਤੀਆਂ ਹਨ ਅਤੇ ਉਹਨਾਂ ਦਾ ਸਮਰਥਨ ਦਿੱਤਾ ਹੈ। ਇਸ ਦੀਆਂ ਕਾਰਵਾਈਆਂ ਮੁੱਖ ਤੌਰ 'ਤੇ ਬਲੋਚਿਸਤਾਨ ਸੂਬੇ ਅਤੇ ਬੰਦਰਗਾਹੀ ਸ਼ਹਿਰ ਕਰਾਚੀ ਵਿੱਚ ਕੇਂਦ੍ਰਿਤ ਹਨ (DW Chinese 2024) ।
ਇਸ ਦੇ ਉਲਟ, ਤਹਰੀਕ-ਏ-ਤਾਲਿਬਾਨ ਪਾਕਿਸਤਾਨ ਟੀ.ਟੀ.ਪੀ. ਇੱਕ ਇਸਲਾਮੀ ਅੱਤਵਾਦੀ ਹਥਿਆਰਬੰਦ ਸੰਗਠਨ ਹੈ, ਜਿਸ ਦੀਆਂ ਗਤੀਵਿਧੀਆਂ ਮੁੱਖ ਤੌਰ 'ਤੇ ਪਾਕਿਸਤਾਨ ਦੇ ਉੱਤਰ-ਪੱਛਮੀ ਖੇਤਰ, ਖੈਬਰ ਪਖ਼ਤੂਨਖ਼ਵਾ ਸੂਬੇ ਵਿੱਚ ਕੇਂਦ੍ਰਿਤ ਹਨ। ਲਾਂਝੌ ਯੂਨੀਵਰਸਿਟੀ ਦੇ ਅਫ਼ਗਾਨਿਸਤਾਨ ਅਧਿਐਨ ਕੇਂਦਰ ਦੇ ਡਾਇਰੈਕਟਰ ਝੂ ਯੋਂਗਬਿਆਓ (Zhu Yongbiao) ਦੇ ਅਨੁਸਾਰ, ਟੀ.ਟੀ.ਪੀ. ਚੀਨੀ ਨਾਗਰਿਕਾਂ ਨੂੰ ਇਸ ਲਈ ਨਿਸ਼ਾਨਾ ਬਣਾਉਂਦਾ ਹੈ ਕਿਉਂਕਿ ਚੀਨ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵਿਚਕਾਰ ਨਜ਼ਦੀਕੀ ਸੰਬੰਧ ਹਨ। ਇਹ ਸੰਗਠਨ ਪਾਕਿਸਤਾਨੀ ਰਾਜ ਲਈ ਚੀਨ ਦੇ ਸਮਰਥਨ ਨੂੰ ਆਪਣੇ ਵੱਖਵਾਦੀ ਉਦੇਸ਼ਾਂ ਲਈ ਨੁਕਸਾਨਦੇਹ ਮੰਨਦਾ ਹੈ (HKCNA 2024) ।
ਇਸੇ ਦੌਰਾਨ, ਸਿਚੁਆਨ ਯੂਨੀਵਰਸਿਟੀ ਦੇ ਪਾਕਿਸਤਾਨ ਅਧਿਐਨ ਕੇਂਦਰ ਦੇ ਉਪ- ਡਾਇਰੈਕਟਰ ਸ਼ਿਊ ਗੁਆਂਗਮਿਨ (Xiu Guangmin) ਦਾ ਤਰਕ ਹੈ ਕਿ ਸ਼ਿਨਜਿਆਂਗ ਵਿੱਚ ਚੀਨ ਦੀਆਂ ਅਤਿਵਾਦ-ਮੁਕਤੀ ਨੀਤੀਆਂ ਨੇ ਇਸਲਾਮੀ ਸੰਸਾਰ ਦੇ ਕੁਝ ਵਰਗਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਸੰਦਰਭ ਵਿੱਚ, ਟੀ.ਟੀ.ਪੀ. ਵਰਗੇ ਸੰਗਠਨਾਂ ਨੇ ਚੀਨੀ ਨਿਸ਼ਾਨਿਆਂ ਵਿਰੁੱਧ ਆਪਣੇ ਹਮਲਿਆਂ ਨੂੰ ਇਸਲਾਮ ਅਤੇ ਮੁਸਲਮਾਨਾਂ ਦੀ "ਰੱਖਿਆ" ਕਰਨ ਵਾਲੀਆਂ ਕਾਰਵਾਈਆਂ ਵਜੋਂ ਪੇਸ਼ ਕੀਤਾ ਹੈ, ਜਿਸ ਰਾਹੀਂ ਉਹ ਚੀਨ ਵਿਰੁੱਧ ਬਦਲੇ ਦੀ ਹਿੰਸਾ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਨ (Xiu 2021) ।
ਚੀਨ ਦੀ ਅਧਿਕਾਰਕ ਸਥਿਤੀ
ਅੱਤਵਾਦੀ ਹਮਲਿਆਂ ਤੋਂ ਬਾਅਦ, ਚੀਨੀ ਸਰਕਾਰ ਆਮ ਤੌਰ ‘ਤੇ ਸਭ ਤੋਂ ਪਹਿਲੇ ਮੌਕੇ ‘ਤੇ ਬਿਆਨ ਜਾਰੀ ਕਰਦੀ ਹੈ, ਜਿਸ ਵਿੱਚ ਉਹ ਘਟਨਾਵਾਂ ਦੀ “ਸਖ਼ਤ ਨਿੰਦਾ” (强烈谴责, qianglie qianzhe) ਪ੍ਰਗਟ ਕਰਦੀ ਹੈ ਅਤੇ “ਅੱਤਵਾਦ ਦੇ ਹਰ ਰੂਪ” ਦਾ ਵਿਰੋਧ ਕਰਨ ਦੀ ਆਪਣੀ ਸਥਿਤੀ ਨੂੰ ਦੁਹਰਾਉਂਦੀ ਹੈ (MFA of the PRC 2026).[ii] ਇਸ ਦੇ ਨਾਲ ਹੀ, ਬੀਜਿੰਗ ਪਾਕਿਸਤਾਨ ਲਈ ਆਪਣਾ ਦ੍ਰਿੜ੍ਹ ਸਮਰਥਨ ਵੀ ਪ੍ਰਗਟ ਕਰਦਾ ਹੈ,[iii] ਅਤੇ ਅੱਤਵਾਦ ਦਾ ਮੁਕਾਬਲਾ ਕਰਨ, ਰਾਸ਼ਟਰੀ ਸੁਰੱਖਿਆ ਦੀ ਰੱਖਿਆ ਕਰਨ ਅਤੇ ਸਮਾਜਿਕ ਸਥਿਰਤਾ ਬਣਾਈ ਰੱਖਣ ਲਈ ਪਾਕਿਸਤਾਨੀ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਸਮਰਥਨ ਕਰਦਾ ਹੈ (MFA of the PRC 2022a).
ਇਨ੍ਹਾਂ ਅਧਿਕਾਰਕ ਬਿਆਨਾਂ ਵਿੱਚ, ਚੀਨੀ ਪੱਖ ਪਾਕਿਸਤਾਨ ਦੇ ਅੰਦਰ ਸਰਗਰਮ ਅੱਤਵਾਦੀ ਸੰਗਠਨਾਂ ਅਤੇ ਪਾਕਿਸਤਾਨੀ ਸਰਕਾਰ ਵਿਚਕਾਰ ਲਗਾਤਾਰ ਅੰਤਰ ਸਪਸ਼ਟ ਕਰਦਾ ਹੈ। ਚੀਨ ਵਾਰ-ਵਾਰ ਪਾਕਿਸਤਾਨ ਦੀਆਂ ਅੱਤਵਾਦ-ਵਿਰੋਧੀ ਕਾਰਵਾਈਆਂ ਲਈ ਆਪਣੇ ਸਮਰਥਨ ਨੂੰ ਉਜਾਗਰ ਕਰਦਾ ਹੈ ਅਤੇ ਚੀਨ-ਪਾਕਿਸਤਾਨ ਵਿਚਕਾਰ ਲੰਬੇ ਸਮੇਂ ਤੋਂ ਚੱਲੀ ਆ ਰਹੀ “ਲੋਹੇ ਵਰਗੀ ਮਜ਼ਬੂਤ ਦੋਸਤੀ” ਦੀ ਮਹੱਤਤਾ ‘ਤੇ ਜ਼ੋਰ ਦਿੰਦਾ ਹੈ। ਇਹ ਵਿਆਖਿਆਤਮਕ ਰਣਨੀਤੀ ਦੋਹਰਾ ਉਦੇਸ਼ ਪੂਰਾ ਕਰਦੀ ਹੈ: ਇੱਕ ਪਾਸੇ, ਇਹ ਅੱਤਵਾਦੀ ਹਮਲਿਆਂ ਲਈ ਸਿੱਧੇ ਤੌਰ ‘ਤੇ ਪਾਕਿਸਤਾਨੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਬਚਦੀ ਹੈ; ਦੂਜੇ ਪਾਸੇ, ਇਹ ਦੋਵੇਂ ਦੇਸ਼ਾਂ ਵਿਚਕਾਰ ਸਥਿਰ ਰਣਨੀਤਿਕ ਸਹਿਯੋਗ ਦੇ ਰੁਖ ਨੂੰ ਬਣਾਈ ਰੱਖਣ ਵਿੱਚ ਸਹਾਇਤਾ ਕਰਦੀ ਹੈ।
ਹਾਲਾਂਕਿ, 2022 ਤੋਂ 2024 ਵਿਚਕਾਰ ਚੀਨ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਜਨਤਕ ਬਿਆਨਾਂ ਦੀ ਤੁਲਨਾ ਕਰਨ ‘ਤੇ ਤਰਜੀਹਾਂ ਵਿੱਚ ਇੱਕ ਸਪਸ਼ਟ ਬਦਲਾਅ ਨਜ਼ਰ ਆਉਂਦਾ ਹੈ। ਨਵੰਬਰ 2022 ਵਿੱਚ, ਦਾਸੂ ਹਮਲੇ ਨਾਲ ਸੰਬੰਧਿਤ ਅਦਾਲਤੀ ਫ਼ੈਸਲੇ ਤੋਂ ਬਾਅਦ, ਚੀਨੀ ਵਿਦੇਸ਼ ਮੰਤਰਾਲੇ ਦੇ ਪ੍ਰਵਕਤਾ ਮਾਓ ਨਿੰਗ ਨੇ ਕਿਹਾ, “ਚੀਨ ਪਾਕਿਸਤਾਨ ਦੇ ਅੱਤਵਾਦ-ਵਿਰੋਧੀ ਯਤਨਾਂ ਦਾ ਦ੍ਰਿੜ੍ਹਤਾ ਨਾਲ ਸਮਰਥਨ ਕਰਦਾ ਰਹੇਗਾ ਅਤੇ ਪਾਕਿਸਤਾਨ ਵਿੱਚ ਚੀਨੀ ਨਾਗਰਿਕਾਂ, ਸੰਸਥਾਵਾਂ ਅਤੇ ਪ੍ਰੋਜੈਕਟਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕੇਗਾ” (MFA of the PRC 2022b).[iv] ਇਸ ਪੜਾਅ ‘ਤੇ, ਮੁੱਖ ਜ਼ੋਰ ਪਾਕਿਸਤਾਨ ਦੇ ਅੱਤਵਾਦ-ਵਿਰੋਧੀ ਉਪਾਵਾਂ ਦੀ ਪੁਸ਼ਟੀ ਕਰਨ ਅਤੇ ਪਾਕਿਸਤਾਨ ਲਈ ਸਮਰਥਨ ਪ੍ਰਗਟ ਕਰਨ ‘ਤੇ ਕੇਂਦ੍ਰਿਤ ਰਿਹਾ।
ਮਾਰਚ 2024 ਤੱਕ, ਬੇਸ਼ਮ ਹਮਲੇ ਤੋਂ ਬਾਅਦ, ਚੀਨੀ ਵਿਦੇਸ਼ ਮੰਤਰਾਲੇ ਦੇ ਪ੍ਰਵਕਤਾ ਲਿਨ ਜਿਆਨ ਨੇ ਦੁਹਰਾਇਆ ਕਿ, “ਚੀਨ ਪਾਕਿਸਤਾਨ ਦੇ ਅੱਤਵਾਦ-ਵਿਰੋਧੀ ਯਤਨਾਂ ਦਾ ਦ੍ਰਿੜ੍ਹਤਾ ਨਾਲ ਸਮਰਥਨ ਕਰਦਾ ਹੈ ਅਤੇ ਵਿਦੇਸ਼ਾਂ ਵਿੱਚ ਚੀਨੀ ਨਾਗਰਿਕਾਂ, ਸੰਸਥਾਵਾਂ ਅਤੇ ਪ੍ਰੋਜੈਕਟਾਂ ਦੀ ਸੁਰੱਖਿਆ ਦਾ ਪੱਕੇ ਤੌਰ ‘ਤੇ ਧਿਆਨ ਰੱਖਦਾ ਹੈ। ਚੀਨ ਅਤੇ ਪਾਕਿਸਤਾਨ ਕੋਲ ਅੱਤਵਾਦੀਆਂ ਨੂੰ ਕੀਮਤ ਚੁਕਾਉਣ ਦਾ ਦ੍ਰਿੜ ਇਰਾਦਾ ਅਤੇ ਸਮਰੱਥਾ ਹੈ “ (MFA of the PRC 2024).[v]
ਇਸ ਤਰ੍ਹਾਂ, ਭਾਵੇਂ ਦੂਜਾ ਬਿਆਨ ਵੀ ਪਾਕਿਸਤਾਨ ਲਈ ਸਮਰਥਨ ਨੂੰ ਜਾਰੀ ਰੱਖਦਾ ਹੈ, ਪਰ ਇਸ ਦਾ ਲਹਿਜ਼ਾ ਪਹਿਲਾਂ ਨਾਲੋਂ ਵੱਧ ਦ੍ਰਿੜ੍ਹ ਹੋ ਜਾਂਦਾ ਹੈ। ਇਸ ਵਿੱਚ “ਠੋਸ ਕਦਮ ਚੁੱਕ ਕੇ ਸੁਰੱਖਿਆ ਯਕੀਨੀ ਬਣਾਉਣ” ਤੋਂ ਅੱਗੇ “ਦ੍ਰਿੜ੍ਹਤਾ ਨਾਲ ਸੁਰੱਖਿਆ ਦੀ ਰੱਖਿਆ ਕਰਨ” ਉੱਤੇ ਵੱਧ ਜ਼ੋਰ ਦਿੱਤਾ ਗਿਆ ਹੈ ਅਤੇ ਇਸ ਗੱਲ ਨੂੰ ਵੀ ਉਭਾਰਿਆ ਗਿਆ ਹੈ ਕਿ ਅੱਤਵਾਦੀਆਂ ਨੂੰ “ਇਸ ਦੀ ਕੀਮਤ ਚੁਕਾਉਣੀ ਪਵੇਗੀ”। ਇਹ ਬਿਆਨੀ ਬਦਲਾਅ ਦਰਸਾਉਂਦਾ ਹੈ ਕਿ ਭਾਵੇਂ ਬੀਜਿੰਗ ਅਜੇ ਵੀ ਦੋ-ਪੱਖੀ ਦੋਸਤੀ ਦੇ ਸਮੁੱਚੇ ਲਹਿਜ਼ੇ ਨੂੰ ਬਰਕਰਾਰ ਰੱਖਦਾ ਹੈ, ਪਰ ਉਸ ਨੇ ਸੁਰੱਖਿਆ ‘ਤੇ ਵੱਧ ਧਿਆਨ ਕੇਂਦ੍ਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਆਪਣੇ ਜਨਤਕ ਬਿਆਨਾਂ ਵਿੱਚ ਤੁਲਨਾਤਮਕ ਤੌਰ ‘ਤੇ ਵੱਧ ਸਖ਼ਤ ਲਹਿਜ਼ਾ ਅਪਣਾਇਆ ਹੈ।
ਪਾਕਿਸਤਾਨ ਵਿੱਚ ਚੀਨੀ ਸੈਲਾਨੀਆਂ ਅਤੇ ਨਾਗਰਿਕਾਂ ਲਈ ਸੁਰੱਖਿਆ ਉਪਾਅ
ਡੌਇਨ (ਟਿੱਕਟੌਕ) ਵਰਗੇ ਸੋਸ਼ਲ ਮੀਡੀਆ ਮੰਚਾਂ 'ਤੇ ਚੀਨੀ ਸੈਲਾਨੀਆਂ ਵੱਲੋਂ ਸਾਂਝੀਆਂ ਕੀਤੀਆਂ ਯਾਤਰਾ-ਵੀਡੀਓਆਂ ਤੋਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਪਹੁੰਚਣ 'ਤੇ ਉਨ੍ਹਾਂ ਨੂੰ ਕਿਹੜੇ ਸੁਰੱਖਿਆ ਪ੍ਰਬੰਧਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਵੇਰਵਿਆਂ ਅਨੁਸਾਰ, ਜਿਵੇਂ ਹੀ ਚੀਨੀ ਯਾਤਰੀ ਪਾਕਿਸਤਾਨ ਪਹੁੰਚਦੇ ਹਨ, ਸਥਾਨਕ ਅਧਿਕਾਰੀ ਉਨ੍ਹਾਂ ਦੇ ਪਾਸਪੋਰਟ ਅਸਥਾਈ ਤੌਰ 'ਤੇ ਆਪਣੇ ਕੋਲ ਰੱਖ ਲੈਂਦੇ ਹਨ ਅਤੇ ਉਨ੍ਹਾਂ ਨੂੰ ਹਥਿਆਰਬੰਦ ਪੁਲਿਸ ਕਰਮਚਾਰੀਆਂ ਦੀ ਸੁਰੱਖਿਆ ਹੇਠ ਹੀ ਹਵਾਈ ਅੱਡੇ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਦੀ ਯਾਤਰਾ ਦੌਰਾਨ ਵੀ ਉਨ੍ਹਾਂ ਨੂੰ ਲਗਾਤਾਰ ਪੁਲਿਸ ਸੁਰੱਖਿਆ ਹੇਠ ਰਹਿਣਾ ਪੈਂਦਾ ਹੈ, ਜਦਕਿ ਹੋਰ ਦੇਸ਼ਾਂ ਦੇ ਯਾਤਰੀਆਂ ਨੂੰ ਕਥਿਤ ਤੌਰ 'ਤੇ ਬਿਨਾਂ ਕਿਸੇ ਅਜਿਹੀ ਪਾਬੰਦੀ ਦੇ ਸੁਤੰਤਰ ਤੌਰ 'ਤੇ ਹਵਾਈ ਅੱਡੇ ਤੋਂ ਰਵਾਨਾ ਹੋਣ ਦੀ ਆਗਿਆ ਹੁੰਦੀ ਹੈ।
ਪਾਕਿਸਤਾਨ ਵਿੱਚ ਰਹਿ ਰਹੇ ਚੀਨੀ ਨਿਵਾਸੀਆਂ ਨੇ ਵੀ ਦੱਸਿਆ ਹੈ ਕਿ ਸਥਾਨਕ ਸੁਰੱਖਿਆ ਨਿਯਮਾਂ ਅਨੁਸਾਰ ਚੀਨੀ ਨਾਗਰਿਕਾਂ ਨੂੰ ਘਰ ਤੋਂ ਬਾਹਰ ਨਿਕਲਣ ਵੇਲੇ ਹਥਿਆਰਬੰਦ ਸੁਰੱਖਿਆ ਕਰਮਚਾਰੀਆਂ ਦੀ ਸੰਗਤ ਵਿੱਚ ਰਹਿਣਾ ਅਤੇ ਬੁਲੇਟ-ਪ੍ਰੂਫ਼ ਵਾਹਨਾਂ ਵਿੱਚ ਯਾਤਰਾ ਕਰਨੀ ਲਾਜ਼ਮੀ ਹੁੰਦੀ ਹੈ। ਕੁਝ ਮਾਮਲਿਆਂ ਵਿੱਚ, ਬਾਹਰ ਜਾਣ ਤੋਂ ਪਹਿਲਾਂ ਸੰਬੰਧਿਤ ਅਧਿਕਾਰੀਆਂ ਤੋਂ ਪਹਿਲਾਂ ਹੀ ਮਨਜ਼ੂਰੀ ਲੈਣੀ ਵੀ ਪੈਂਦੀ ਹੈ। ਇਸ ਤੋਂ ਇਲਾਵਾ, ਪੰਜਾਬ ਸੂਬੇ ਦੇ ਫ਼ੈਸਲਾਬਾਦ ਵਿੱਚ ਰਹਿ ਰਹੇ ਇੱਕ ਚੀਨੀ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਦੱਸਿਆ ਕਿ ਪੁਲਿਸ ਨੇ ਉਸ ਦੀ ਆਵਾਜਾਈ 'ਤੇ ਪਾਬੰਦੀਆਂ ਲਗਾਈਆਂ ਹੋਈਆਂ ਸਨ ਅਤੇ ਉਸ ਦੀ 24 ਘੰਟੇ ਸੁਰੱਖਿਆ ਲਈ ਚਾਰ ਪੁਲਿਸ ਅਧਿਕਾਰੀ ਤਾਇਨਾਤ ਕੀਤੇ ਹੋਏ ਸਨ, ਜੋ ਖਰੀਦਦਾਰੀ ਦੌਰਾਨ ਵੀ ਉਸ ਦੇ ਨਾਲ ਰਹਿੰਦੇ ਸਨ।
ਅਜਿਹੀਆਂ ਯਾਤਰਾ-ਵੀਡੀਓਆਂ ਵਿੱਚ ਪਾਕਿਸਤਾਨੀ ਪੁਲਿਸ ਅਧਿਕਾਰੀ ਅਕਸਰ ਚੀਨੀ ਸੈਲਾਨੀਆਂ ਨੂੰ ਇਹ ਕਹਿੰਦੇ ਸੁਣਾਈ ਦਿੰਦੇ ਹਨ "ਤੁਸੀਂ ਇੱਥੋਂ ਨਹੀਂ ਜਾ ਸਕਦੇ, ਕਿਉਂਕਿ ਚੀਨੀ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ।" [vi] ਇਸ ਤੋਂ ਇਲਾਵਾ, ਪਾਕਿਸਤਾਨ ਨੇ ਆਪਣੇ ਦੇਸ਼ ਅੰਦਰ ਚੀਨੀ ਨਾਗਰਿਕਾਂ ਦੀ ਸੁਰੱਖਿਆ ਲਈ ਵਿਸ਼ੇਸ਼ ਸੁਰੱਖਿਆ ਇਕਾਈਆਂ ਵੀ ਸਥਾਪਿਤ ਕੀਤੀਆਂ ਹਨ।
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਗਿਲਗਿਤ ਤੋਂ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਜਾਣ ਦੀ ਕੋਸ਼ਿਸ਼ ਕਰ ਰਹੇ ਇੱਕ ਚੀਨੀ ਯਾਤਰੀ ਨੂੰ ਅੱਗੇ ਜਾਣ ਦੀ ਆਗਿਆ ਦੇਣ ਤੋਂ ਪਹਿਲਾਂ ਇੱਕ ਲਿਖਤੀ ਜ਼ਮਾਨਤਨਾਮੇ (ਲਿਖਤੀ ਭਰੋਸੇ) 'ਤੇ ਦਸਤਖ਼ਤ ਕਰਨੇ ਪਏ। ਪ੍ਰਾਪਤ ਵੇਰਵਿਆਂ ਅਨੁਸਾਰ, ਇਹ ਪ੍ਰਕਿਰਿਆ ਸਿਰਫ਼ ਚੀਨੀ ਨਾਗਰਿਕਾਂ 'ਤੇ ਹੀ ਲਾਗੂ ਹੁੰਦੀ ਸੀ, ਜਦਕਿ ਹੋਰ ਦੇਸ਼ਾਂ ਦੇ ਯਾਤਰੀਆਂ ਨੂੰ ਬਿਨਾਂ ਕਿਸੇ ਅਜਿਹੀ ਸ਼ਰਤ ਦੇ ਸੁਤੰਤਰ ਤੌਰ 'ਤੇ ਯਾਤਰਾ ਕਰਨ ਦੀ ਆਗਿਆ ਸੀ। ਵੀਡੀਓ ਦੇ ਵਰਣਨ ਵਿੱਚ ਇੱਕ ਪੁਲਿਸ ਅਧਿਕਾਰੀ ਦੇ ਇਹ ਸ਼ਬਦ ਦਰਜ ਸਨ: "ਤੁਹਾਡੇ ਦੇਸ਼ ਨੇ ਹੀ ਸਾਨੂੰ ਤੁਹਾਡੀ ਸੁਰੱਖਿਆ ਕਰਨ ਲਈ ਕਿਹਾ ਹੈ।" [vii]
ਚੀਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਕੇ ਕੀਤੇ ਗਏ ਅੱਤਵਾਦੀ ਹਮਲਿਆਂ ਨੇ ਚੀਨੀ ਸਰਕਾਰ ਅਤੇ ਚੀਨੀ ਉਦਯੋਗਾਂ ਨੂੰ ਪਾਕਿਸਤਾਨੀ ਸਰਕਾਰ 'ਤੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਲਈ ਦਬਾਅ ਬਣਾਉਣ ਵੱਲ ਪ੍ਰੇਰਿਤ ਕੀਤਾ ਹੈ। ਇਸ ਦੇ ਜਵਾਬ ਵਿੱਚ, ਪਾਕਿਸਤਾਨ ਨੂੰ ਆਪਣੇ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਚੀਨੀ ਨਾਗਰਿਕਾਂ ਦੀ ਸੁਰੱਖਿਆ ਲਈ ਵੱਡੀ ਗਿਣਤੀ ਵਿੱਚ ਫੌਜੀ ਅਤੇ ਪੁਲਿਸ ਕਰਮਚਾਰੀ ਤਾਇਨਾਤ ਕਰਨੇ ਪਏ ਹਨ।
ਚੀਨੀ ਨਾਗਰਿਕਾਂ ਅਤੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਸੀ.ਪੀ.ਈ.ਸੀ. ਨਾਲ ਸੰਬੰਧਿਤ ਪ੍ਰੋਜੈਕਟਾਂ ਦੀ ਸੁਰੱਖਿਆ ਹੋਰ ਮਜ਼ਬੂਤ ਕਰਨ ਲਈ ਪਾਕਿਸਤਾਨ ਦੀ ਸੰਘੀ ਸਰਕਾਰ ਨੇ ਸਪੈਸ਼ਲ ਸਿਕਿਉਰਿਟੀ ਡਿਵੀਜ਼ਨ ਐਸ.ਐਸ.ਡੀ.SSD) ਦੀ ਸਥਾਪਨਾ ਕੀਤੀ ਹੈ। ਇਹ ਇੱਕ ਵਿਸ਼ੇਸ਼ ਸੁਰੱਖਿਆ ਬਲ ਹੈ, ਜਿਸ ਵਿੱਚ ਮੁੱਖ ਤੌਰ 'ਤੇ ਫੌਜੀ ਕਰਮਚਾਰੀ ਸ਼ਾਮਲ ਹਨ। ਐਸ.ਐਸ.ਡੀ. ਨੂੰ ਮੁੱਖ ਤੌਰ 'ਤੇ ਬਲੋਚਿਸਤਾਨ ਅਤੇ ਖੈਬਰ ਪਖ਼ਤੂਨਖ਼ਵਾ ਵਰਗੇ ਉੱਚ-ਖ਼ਤਰੇ ਵਾਲੇ ਖੇਤਰਾਂ ਵਿੱਚ ਤਾਇਨਾਤ ਕੀਤਾ ਗਿਆ ਹੈ।( Nawab et al. (2025) ਦੇ ਅਨੁਸਾਰ, ਇਸ ਡਿਵੀਜ਼ਨ ਵਿੱਚ ਲਗਭਗ 10,000 ਜਵਾਨ ਸ਼ਾਮਲ ਹਨ, ਜੋ ਨੌਂ ਫੌਜੀ ਬਟਾਲੀਅਨਾਂ—ਜਿਨ੍ਹਾਂ ਵਿੱਚ ਫਰੰਟੀਅਰ ਕੋਰ ਅਤੇ ਰੈਂਜਰਜ਼ ਦੀਆਂ ਇਕਾਈਆਂ ਵੀ ਸ਼ਾਮਲ ਹਨ—ਅਤੇ ਛੇ ਅਰਧ-ਸੈਨਿਕ (ਪੈਰਾਮਿਲਟਰੀ) ਵਿੰਗਾਂ ਵਿੱਚ ਸੰਗਠਿਤ ਹਨ।
ਕੁਝ ਹੱਦ ਤੱਕ, ਸੁਰੱਖਿਆ ਸਰੋਤਾਂ ਦੀ ਇਹ ਵਿਸ਼ਾਲ ਪੱਧਰ 'ਤੇ ਕੀਤੀ ਗਈ ਵੰਡ ਪਾਕਿਸਤਾਨ ਦੀਆਂ ਮੌਜੂਦਾ ਪ੍ਰਸ਼ਾਸਨਿਕ ਅਤੇ ਸੁਰੱਖਿਆ ਸਮਰੱਥਾਵਾਂ 'ਤੇ ਵਾਧੂ ਦਬਾਅ ਪਾ ਸਕਦੀ ਹੈ ਅਤੇ ਉਨ੍ਹਾਂ ਨੂੰ ਹੋਰ ਦਿਸ਼ਾਵਾਂ ਤੋਂ ਹਟਾ ਸਕਦੀ ਹੈ। ਸੰਭਵ ਹੈ ਕਿ ਇਹੀ ਇੱਕ ਕਾਰਨ ਹੋਵੇ ਕਿ ਸੀ.ਪੀ.ਈ.ਸੀ. ਨਾਲ ਸੰਬੰਧਿਤ ਪ੍ਰੋਜੈਕਟਾਂ ਲਈ ਸਮਰਪਿਤ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਤੋਂ ਇਲਾਵਾ, ਪਾਕਿਸਤਾਨ ਦੇ ਹੋਰ ਸੂਬਿਆਂ ਵਿੱਚ ਚੀਨੀ ਨਾਗਰਿਕਾਂ ਲਈ ਕੀਤੇ ਜਾਣ ਵਾਲੇ ਸੁਰੱਖਿਆ ਪ੍ਰਬੰਧ ਅਤੇ ਨਿਯਮ ਤੁਲਨਾਤਮਕ ਤੌਰ 'ਤੇ ਅਸਪਸ਼ਟ ਦਿਖਾਈ ਦਿੰਦੇ ਹਨ ਹਨ ਅਤੇ ਉਨ੍ਹਾਂ ਲਈ ਕੋਈ ਇੱਕਸਾਰ ਮਿਆਰੀ ਪ੍ਰਕਿਰਿਆ ਮੌਜੂਦ ਨਹੀਂ ਹੈ। ਅਮਲ ਵਿੱਚ, ਇਨ੍ਹਾਂ ਉਪਾਵਾਂ ਨੂੰ ਲਾਗੂ ਕਰਨ ਦਾ ਤਰੀਕਾ ਅਕਸਰ ਸਥਾਨਕ ਪੁਲਿਸ ਅਧਿਕਾਰੀਆਂ ਦੇ ਵਿਵੇਕ 'ਤੇ ਨਿਰਭਰ ਕਰਦਾ ਹੈ।ਵੀਡੀਓ ਸਬੂਤਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਫਰੰਟਲਾਈਨ ਵਿੱਚ ਤਾਇਨਾਤ ਪੁਲਿਸ ਅਧਿਕਾਰੀ ਸੰਬੰਧਿਤ ਨਿਯਮਾਂ ਨਾਲ ਪੂਰੀ ਤਰ੍ਹਾਂ ਜਾਣੂ ਨਹੀਂ ਹੁੰਦੇ ਅਤੇ ਉਨ੍ਹਾਂ ਨੂੰ ਅਕਸਰ ਆਪਣੇ ਉੱਚ ਅਧਿਕਾਰੀਆਂ ਤੋਂ ਹਦਾਇਤਾਂ ਲੈਣ ਦੀ ਲੋੜ ਪੈਂਦੀ ਹੈ। ਇੱਥੋਂ ਤੱਕ ਕਿ ਇੱਕੋ ਹੀ ਸ਼ਹਿਰ ਦੇ ਅੰਦਰ ਵੀ ਵੱਖ-ਵੱਖ ਚੀਨੀ ਯਾਤਰੀਆਂ ਨੂੰ ਸੁਰੱਖਿਆ ਸੰਬੰਧੀ ਵੱਖਰੀਆਂ ਲੋੜਾਂ ਅਤੇ ਪੁਲਿਸ ਸੁਰੱਖਿਆ -ਐਸਕੋਰਟ ਦੇ ਵੱਖ-ਵੱਖ ਪੱਧਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉੱਚ ਅਧਿਕਾਰੀਆਂ ਤੋਂ ਮਨਜ਼ੂਰੀ ਪ੍ਰਾਪਤ ਕਰਨ ਦੀ ਪ੍ਰਕਿਰਿਆ ਕਾਫ਼ੀ ਸਮਾਂ ਲੈਣ ਵਾਲੀ ਹੋ ਸਕਦੀ ਹੈ। ਇਸ ਲਈ ਅਕਸਰ ਕਈ ਪੁਲਿਸ ਥਾਣਿਆਂ ਦੇ ਚੱਕਰ ਲਗਾਉਣੇ ਪੈਂਦੇ ਹਨ, ਜਿਸ ਕਾਰਨ ਸਮੇਂ ਅਤੇ ਮਿਹਨਤ ਦੋਵਾਂ ਦੀ ਕਾਫ਼ੀ ਖਪਤ ਹੁੰਦੀ ਹੈ। ਚੀਨੀ ਨਿਵਾਸੀ ਅਤੇ ਸੈਲਾਨੀ ਇਨ੍ਹਾਂ ਪ੍ਰਕਿਰਿਆਵਾਂ ਪ੍ਰਤੀ ਅਕਸਰ ਨਿਰਾਸ਼ਾ ਅਤੇ ਲਾਚਾਰੀ ਦੀਆਂ ਭਾਵਨਾਵਾਂ ਪ੍ਰਗਟ ਕਰਦੇ ਹਨ। ਇਸ ਤਰ੍ਹਾਂ ਦੀ ਸੰਸਥਾਗਤ ਅਸਪਸ਼ਟਤਾ ਅਤੇ ਅਸੰਗਤਤਾ ਨੇ ਪਾਕਿਸਤਾਨ ਵਿੱਚ ਚੀਨੀ ਨਾਗਰਿਕਾਂ ਦੇ ਰੋਜ਼ਾਨਾ ਜੀਵਨ ਅਤੇ ਉਨ੍ਹਾਂ ਦੀ ਆਵਾਜਾਈ ਉੱਤੇ ਕਾਫ਼ੀ ਅਸੁਵਿਧਾਵਾਂ ਪੈਦਾ ਕੀਤੀਆਂ ਹਨ।
ਸਮੁੱਚੇ ਤੌਰ 'ਤੇ, ਇਹ ਵੇਰਵੇ ਦਰਸਾਉਂਦੇ ਹਨ ਕਿ ਪਾਕਿਸਤਾਨ ਵਿੱਚ ਚੀਨੀ ਨਾਗਰਿਕਾਂ ਦੀ ਆਵਾਜਾਈ ਕਾਫ਼ੀ ਹੱਦ ਤੱਕ ਪਾਬੰਦੀਆਂ ਦੇ ਅਧੀਨ ਹੈ। ਉਦਾਹਰਨ ਵਜੋਂ, ਪਾਕਿਸਤਾਨ ਵਿੱਚ ਰਹਿ ਰਿਹਾ ਇੱਕ ਚੀਨੀ ਝੋਨੇ ਉਤਪਾਦਕ ਆਪਣੇ ਹਮਵਤਨਾਂ ਨੂੰ ਇਹ ਸਲਾਹ ਦਿੰਦਾ ਹੈ ਕਿ ਯਥੋਚਿਤ ਸੁਰੱਖਿਆ ਭਰੋਸਿਆਂ ਤੋਂ ਬਿਨਾਂ ਪਾਕਿਸਤਾਨ ਵਿੱਚ ਮੌਕਿਆਂ ਦੀ ਭਾਲ ਅਤੇ ਪਿੱਛਾ ਨਾ ਕਰਨ। ਅਜਿਹੀਆਂ ਸੁਰੱਖਿਆ ਸੰਬੰਧੀ ਚਿੰਤਾਵਾਂ ਦੇ ਕਾਰਨ ਕੁਝ ਕਾਰੋਬਾਰੀ ਵਰਗਾਂ ਨੇ ਵੀ ਪਾਕਿਸਤਾਨ ਵਿੱਚ ਨਿਵੇਸ਼ ਜਾਂ ਵਪਾਰਕ ਵਿਸਥਾਰ ਪ੍ਰਤੀ ਸਾਵਧਾਨ ਰਵੱਈਆ ਅਪਣਾਇਆ ਹੈ। ਲੰਬੇ ਸਮੇਂ ਵਿੱਚ, ਅਜਿਹੀਆਂ ਸਥਿਤੀਆਂ ਪਾਕਿਸਤਾਨ ਵਿੱਚ ਚੀਨੀ ਨਾਗਰਿਕਾਂ ਲਈ ਵਿਕਾਸ ਅਤੇ ਸਰਗਰਮ ਭਾਗੀਦਾਰੀ ਦੇ ਮੌਕਿਆਂ ਦੇ ਦਾਇਰੇ ਨੂੰ ਸੀਮਿਤ ਕਰ ਸਕਦੀਆਂ ਹਨ।
ਸੁਰੱਖਿਆ ਜਾਂ ਨਿਗਰਾਨੀ?
ਪਾਕਿਸਤਾਨ ਵੱਲੋਂ ਚੀਨੀ ਨਾਗਰਿਕਾਂ ਲਈ ਅਪਣਾਏ ਗਏ ਸਖ਼ਤ ਸੁਰੱਖਿਆ ਪ੍ਰਬੰਧ ਨਾ ਸਿਰਫ਼ ਦੇਸ਼ ਵਿੱਚ ਚੀਨੀ ਨਾਗਰਿਕਾਂ ਨੂੰ ਦਰਪੇਸ਼ ਅਸਲ ਸੁਰੱਖਿਆ ਖਤਰਿਆਂ ਨੂੰ ਦਰਸਾਉਂਦੇ ਹਨ, ਸਗੋਂ ਇਹ ਵੀ ਸੰਕੇਤ ਦਿੰਦੇ ਹਨ ਕਿ ਕੁਝ ਚੀਨੀ ਵਿਅਕਤੀ ਨਿੱਜਤਾ ਅਤੇ ਆਵਾਜਾਈ ਦੀ ਆਜ਼ਾਦੀ ਉੱਤੇ ਲੱਗੀਆਂ ਪਾਬੰਦੀਆਂ ਨੂੰ ਸ਼ਾਇਦ ਵੱਡੀ ਮਹੱਤਤਾ ਨਹੀਂ ਦਿੰਦੇ।
ਇਸ ਲੇਖ ਲਈ ਵਿਸ਼ਲੇਸ਼ਣ ਕੀਤੀਆਂ ਗਈਆਂ ਵੀਡੀਓਆਂ ਅਕਸਰ ਚੀਨੀ ਸੈਲਾਨੀਆਂ ਦੀ ਉਲਝਣ ਜਾਂ ਬੇਚੈਨੀ ਦੇ ਪ੍ਰਗਟਾਵੇ ਨਾਲ ਸ਼ੁਰੂ ਹੁੰਦੀਆਂ ਹਨ। ਹਾਲਾਂਕਿ, ਉਨ੍ਹਾਂ ਵਿੱਚ ਉਤਸੁਕਤਾ ਅਤੇ ਇੱਥੋਂ ਤੱਕ ਕਿ ਉਸ ਗੱਲ ਦੀ ਸਰਾਹਨਾ ਵੀ ਨਜ਼ਰ ਆਉਂਦੀ ਹੈ ਜਿਸ ਨੂੰ ਸਿਰਫ਼ ਚੀਨੀ ਨਾਗਰਿਕਾਂ ਨੂੰ ਦਿੱਤੇ ਜਾਣ ਵਾਲੇ ਇੱਕ ਕਿਸਮ ਦੇ "ਖ਼ਾਸ ਸਲੂਕ" ਵਜੋਂ ਦਰਸਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਇਹ ਕਹਾਣੀਆਂ ਅਕਸਰ "ਪਾਕਿਸਤਾਨ-ਚੀਨ ਦੋਸਤੀ ਸੱਚਮੁੱਚ ਲੋਹੇ ਵਰਗੀ ਮਜ਼ਬੂਤ ਹੈ"[viii] ਜਾਂ "ਚੀਨ-ਪਾਕਿਸਤਾਨ ਦੋਸਤੀ ਜ਼ਿੰਦਾਬਾਦ" ਵਰਗੇ ਪੁਸ਼ਟੀਕਰਣ ਵਾਲੇ ਬਿਆਨਾਂ ਨਾਲ ਸਮਾਪਤ ਹੁੰਦੀਆਂ ਹਨ।[ix]
ਵਿਕਲਪਕ ਤੌਰ 'ਤੇ, ਇਹ ਆਨਲਾਈਨ ਯਾਤਰਾ-ਕਥਾਵਾਂ ਪਹਿਲਾਂ ਹੀ ਉਸ ਵਿਆਖਿਆਤਮਕ ਢਾਂਚੇ ਦੇ ਅੰਦਰ ਕੰਮ ਕਰਦੀਆਂ ਹੋ ਸਕਦੀਆਂ ਹਨ, ਜਿਸ ਨੂੰ ਚੀਨੀ ਅਧਿਕਾਰੀ ਪੇਸ਼ਕਾਰੀ ਦੇ "ਉਚਿਤ" ਜਾਂ "ਸਹੀ" ਢੰਗ ਵਜੋਂ ਮੰਨਦੇ ਹਨ। ਦੂਜੇ ਸ਼ਬਦਾਂ ਵਿੱਚ, ਸਮੱਗਰੀ ਸਿਰਜਣਕਾਰ ਆਪਣੇ ਆਪ ਨੂੰ ਚੀਨ-ਪਾਕਿਸਤਾਨ ਦੋਸਤੀ ਬਾਰੇ ਸਰਕਾਰੀ ਤੌਰ 'ਤੇ ਮਨਜ਼ੂਰਸ਼ੁਦਾ ਕਥਾ ਦੇ ਹੱਕ ਵਿੱਚ ਗਵਾਹੀ-ਸਰੂਪ ਸਮਰਥਨ ਦੇਣ ਲਈ ਮਜਬੂਰ ਮਹਿਸੂਸ ਕਰ ਸਕਦੇ ਹਨ। ਇਸ ਵਿਆਖਿਆਤਮਕ ਢਾਂਚੇ ਤੋਂ ਹਟ ਕੇ ਕੀਤੇ ਗਏ ਪ੍ਰਗਟਾਵਿਆਂ ਨੂੰ ਦੋਵਾਂ ਦੇਸ਼ਾਂ ਵਿਚਲੀ ਦੋਸਤੀ ਨੂੰ ਕਮਜ਼ੋਰ ਕਰਨ ਵਾਲੇ ਵਜੋਂ ਦੇਖੇ ਜਾਣ ਦਾ ਖ਼ਤਰਾ ਰਹਿੰਦਾ ਹੈ। ਵਜੋਂ, ਭਾਵੇਂ ਅਸੰਤੁਸ਼ਟੀ ਮੌਜੂਦ ਹੋਵੇ, ਉਸ ਦਾ ਪ੍ਰਗਟਾਵਾ ਅਕਸਰ ਸਿਰਫ਼ ਅਸਿੱਧੇ ਤੌਰ 'ਤੇ ਜਾਂ ਨਰਮ ਭਾਸ਼ਾ ਵਿੱਚ ਹੀ ਕੀਤਾ ਜਾਂਦਾ ਹੈ। ਉਦਾਹਰਨ ਵਜੋਂ, ਜਦੋਂ ਇੱਕ ਚੀਨੀ ਨਿਵਾਸੀ ਕਹਿੰਦਾ ਹੈ ਕਿ "ਤੁਹਾਨੂੰ ਸਿਰਫ਼ ਕੈਦ ਹੀ ਰਹਿਣਾ ਪੈਂਦਾ ਹੈ," ਤਾਂ ਚੀਨੀ ਅਤੇ ਅੰਗਰੇਜ਼ੀ ਦੋਵੇਂ ਉਪਸਿਰਲੇਖ ਸਬਟਾਈਟਲ ਇਸ ਵਾਕ ਨੂੰ ਨਰਮ ਕਰਕੇ "ਤੁਸੀਂ ਸਿਰਫ਼ ਘਰ ਦੇ ਅੰਦਰ ਹੀ ਰਹਿ ਸਕਦੇ ਹੋ",[x] ਵਜੋਂ ਪੇਸ਼ ਕਰਦੇ ਹਨ, ਜਿਸ ਨਾਲ ਵਧੇਰੇ ਸੰਵੇਦਨਸ਼ੀਲ ਜਾਂ ਨਕਾਰਾਤਮਕ ਅਰਥ ਵਾਲੀ ਸ਼ਬਦਾਵਲੀ ਤੋਂ ਪਰਹੇਜ਼ ਕੀਤਾ ਜਾਂਦਾ ਹੈ।
ਸਰੀਰਕ ਨਿਗਰਾਨੀ ਅਤੇ ਨਿਯੰਤਰਣ ਦੇ ਸਵਾਲ ਤੋਂ ਇਲਾਵਾ, ਇਹਨਾਂ ਦਾ ਇੱਕ ਡਿਜ਼ਿਟਲ ਪੱਖ ਵੀ ਮੌਜੂਦ ਹੈ। ਹਾਲੀਆ ਸਾਲਾਂ ਵਿੱਚ ਚੀਨ ਨੇ ਡਿਜ਼ਿਟਲ ਸਿਲਕ ਰੋਡ (ਡੀ.ਐਸ.ਆਰ.) ਦੇ ਵਿਕਾਸ ਨੂੰ ਸਰਗਰਮੀ ਨਾਲ ਅੱਗੇ ਵਧਾਇਆ ਹੈ ਅਤੇ ਹੋਰ ਦੇਸ਼ਾਂ ਨੂੰ ਡਿਜ਼ਿਟਲ ਤਕਨਾਲੋਜੀਆਂ ਅਤੇ ਬੁਨਿਆਦੀ ਢਾਂਚਾ ਨਿਰਯਾਤ ਕੀਤਾ ਹੈ। ਇਨ੍ਹਾਂ ਨਿਰਯਾਤਾਂ ਵਿੱਚ ਨਿਗਰਾਨੀ ਪ੍ਰਣਾਲੀਆਂ, ਨੈੱਟਵਰਕ ਬੁਨਿਆਦੀ ਢਾਂਚਾ, ਵੱਡੇ ਡਾਟਾ ਅੰਕੜੇ ਤਕਨਾਲੋਜੀਆਂ ਅਤੇ ਇਨ੍ਹਾਂ ਨਾਲ ਸੰਬੰਧਿਤ ਉਪਕਰਨ ਸ਼ਾਮਲ ਹਨ।
ਡਿਜੀਟਲ ਸਿਲਕ ਰੋਡ (ਡੀ.ਐਸ.ਆਰ.) ਸਿਰਫ਼ ਤਕਨਾਲੋਜੀ ਅਤੇ ਪੂੰਜੀ ਦੇ ਨਿਰਯਾਤ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਇਹ ਡਿਜ਼ਿਟਲ ਸ਼ਾਸਨ ਦੇ ਮਾਡਲਾਂ ਦੇ ਪ੍ਰਸਾਰ ਨੂੰ ਵੀ ਆਪਣੇ ਨਾਲ ਲੈ ਕੇ ਚਲਦਾ ਹੈ। ਇੱਕ ਹੱਦ ਤੱਕ, ਡੀ.ਐਸ.ਆਰ. ਚੀਨ ਦੇ ਨਿਯਾਮਕ ਮਾਪਦੰਡਾਂ ਅਤੇ ਸ਼ਾਸਨ ਸੰਬੰਧੀ ਦਰਸ਼ਨ ਨੂੰ ਭਾਗੀਦਾਰ ਦੇਸ਼ਾਂ ਤੱਕ ਪਹੁੰਚਾਉਂਦਾ ਹੈ, ਜਿਸ ਨਾਲ ਅਜਿਹੇ ਸੰਸਥਾਗਤ ਢਾਂਚਿਆਂ ਨੂੰ ਮਜ਼ਬੂਤੀ ਮਿਲਦੀ ਹੈ ਜੋ ਸਾਈਬਰਸਪੇਸ ਉੱਤੇ ਰਾਜ ਦੀ ਵਿਆਪਕ ਨਿਗਰਾਨੀ ਅਤੇ ਵੱਡੇ ਪੱਧਰ ਦੀਆਂ ਨਿਗਰਾਨੀ ਪ੍ਰਥਾਵਾਂ ਦੇ ਸਧਾਰਨੀਕਰਨ ਨਾਲ ਚਿੰਨ੍ਹਿਤ ਹਨ।ਇਸ ਅਰਥ ਵਿੱਚ, ਡੀ.ਐਸ.ਆਰ. ਇੱਕ ਅਜਿਹੇ ਡਿਜ਼ਿਟਲ ਸ਼ਾਸਨ ਮਾਡਲ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਫੈਲਾਉਣ ਵਿੱਚ ਸਹਾਇਕ ਹੈ, ਜਿਸ ਦਾ ਕੇਂਦਰ ਸਖ਼ਤੀ ਨਾਲ ਨਿਯੰਤਰਿਤ ਇੰਟਰਨੈੱਟ ਵਾਤਾਵਰਣ ਅਤੇ ਭਾਗੀਦਾਰ ਦੇਸ਼ਾਂ ਵਿੱਚ ਵਿਆਪਕ ਨਿਗਰਾਨੀ ਪ੍ਰਣਾਲੀਆਂ ਹਨ। (Patil & Gupta 2025)
ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾ ਆਰਟੀਕਲ ੧੯, ਨੇ ਆਪਣੀ 2025 ਦੀ ਰਿਪੋਰਟ 'ਸਾਈਬਰ ਸੁਰੱਖਿਆ ਚੀਨੀ ਵਿਸ਼ੇਸ਼ਤਾਵਾਂ ਦੇ ਨਾਲ’ ਵਿੱਚ ਦਰਸਾਇਆ ਹੈ ਕਿ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀ.ਪੀ.ਈ.ਸੀ.) ਦੇ ਢਾਂਚੇ ਅਧੀਨ ਪਾਕਿਸਤਾਨ ਦਾ ਡਿਜ਼ਿਟਲ ਵਿਕਾਸ ਉਸ ਨੂੰ ਚੀਨ ਦੇ ਪ੍ਰਭਾਵ ਲਈ ਇੱਕ ਪ੍ਰਯੋਗ-ਭੂਮੀ ਵਿੱਚ ਤਬਦੀਲ ਕਰ ਰਿਹਾ ਹੈ।ਕਾਨੂੰਨੀ ਪੱਧਰ 'ਤੇ, ਇਲੈਕਟ੍ਰਾਨਿਕ ਅਪਰਾਧਾਂ ਦੀ ਰੋਕਥਾਮ ਐਕਟ (ਪੀ.ਈ.ਸੀ.ਏ. ) ਵਰਗੇ ਕਾਨੂੰਨ ਚੀਨ ਦੇ 2017 ਦੇ ਸਾਈਬਰਸੁਰੱਖਿਆ ਕਾਨੂੰਨ ਤੋਂ ਕਾਫ਼ੀ ਹੱਦ ਤੱਕ ਪ੍ਰਭਾਵਿਤ ਹਨ। ਇਹ ਕਾਨੂੰਨ ਕੇਂਦਰੀਕ੍ਰਿਤ ਨਿਯਾਮਕ ਨਿਗਰਾਨੀ ਨੂੰ ਮਜ਼ਬੂਤ ਕਰਦਾ ਹੈ, ਡਾਟਾ ਦਾ ਦੇਸ਼ ਦੇ ਅੰਦਰ ਹੀ ਸੰਗ੍ਰਹਿ (ਡਾਟਾ ਸਥਾਨੀਕਰਨ) ਲਾਜ਼ਮੀ ਬਣਾਉਂਦਾ ਹੈ ਅਤੇ ਰਾਜ ਨੂੰ ਨਿਗਰਾਨੀ ਕਰਨ ਦੇ ਵਿਸ਼ਾਲ ਅਧਿਕਾਰ ਪ੍ਰਦਾਨ ਕਰਦਾ ਹੈ। ਇਸ ਦੇ ਨਾਲ ਹੀ, ਇਹ ਅਸਹਿਮਤੀ ਅਤੇ ਅਭਿਵੈਕਤੀ ਦੀ ਆਜ਼ਾਦੀ ਉੱਤੇ ਵੀ ਪਾਬੰਦੀਆਂ ਲਗਾਉਂਦਾ ਹੈ।
ਪਾਕਿਸਤਾਨ ਨੇ ਆਪਣਾ ਵੈੱਬ ਪ੍ਰਬੰਧਨ ਪ੍ਰਣਾਲੀ (Web Management System) ਤਿਆਰ ਕਰਨ ਲਈ ਚੀਨੀ ਤਕਨਾਲੋਜੀਆਂ ਨੂੰ ਅਪਣਾਇਆ ਹੈ। ਇਸ ਦਾ ਸੰਚਾਲਨ -ਮਾਡਲ ਚੀਨ ਦੇ "ਗ੍ਰੇਟ ਫਾਇਰਵਾਲ ਨਾਲ ਕਾਫ਼ੀ ਹੱਦ ਤੱਕ ਮਿਲਦਾ-ਜੁਲਦਾ ਹੈ, ਜੋ ਇੰਟਰਨੈੱਟ ਪਹੁੰਚ ਅਤੇ ਸਮੱਗਰੀ ਦੇ ਨਿਯੰਤਰਣ ਉੱਤੇ ਕੇਂਦਰੀਕ੍ਰਿਤ ਕੰਟਰੋਲ ਵੱਲ ਇੱਕ ਕਦਮ ਦਾ ਪ੍ਰਤੀਕ ਹੈ (ARTICLE 19, 2025)।ਇਹ ਦਰਸਾਉਂਦਾ ਹੈ ਕਿ ਭਾਵੇਂ ਪਾਕਿਸਤਾਨ ਵਿੱਚ ਚੀਨੀ ਨਾਗਰਿਕਾਂ ਉੱਤੇ ਸਰੀਰਕ ਨਿਯੰਤਰਣ ਮੁੱਖ ਤੌਰ 'ਤੇ ਪਾਕਿਸਤਾਨੀ ਅਧਿਕਾਰੀਆਂ ਦੁਆਰਾ ਕੀਤਾ ਜਾਂਦਾ ਹੈ, ਪਰ ਡਿਜ਼ਿਟਲ ਨਿਯੰਤਰਣ ਵਧਦੀ ਹੋਈ ਹੱਦ ਤੱਕ ਚੀਨੀ ਰਾਜ ਦੁਆਰਾ ਆਕਾਰ ਦਿੱਤਾ ਜਾ ਰਿਹਾ ਹੈ ਅਤੇ ਇਸ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ, ਦੋਵੇਂ ਮਿਲ ਕੇ ਸਰਹੱਦਾਂ ਤੋਂ ਪਰੇ ਅੰਤਰਰਾਸ਼ਟਰੀ ਫੈਲੀ ਇੱਕ ਦੋਹਰੀ ਨਿਗਰਾਨੀ ਪ੍ਰਣਾਲੀ) ਬਣਾਉਂਦੇ ਹਨ।
ਚੀਨੀ ਬਾਹਰ-ਖੇਤਰੀ ਅਧਿਕਾਰ
ਪਾਕਿਸਤਾਨ ਵਿੱਚ ਦਾਖਲ ਹੋਣ ਉੱਤੇ, ਚੀਨੀ ਨਾਗਰਿਕਾਂ ਨੂੰ ਆਪਣੇ ਪਾਸਪੋਰਟ ਰਜਿਸਟਰ ਕਰਵਾਉਣੇ ਪੈਂਦੇ ਹਨ, ਅਤੇ ਦੇਸ਼ ਦੇ ਅੰਦਰ ਉਨ੍ਹਾਂ ਦੀ ਆਵਾਜਾਈ ਅਕਸਰ ਹਥਿਆਰਬੰਦ ਪੁਲਿਸ ਅਧਿਕਾਰੀਆਂ ਦੀ ਸੁਰੱਖਿਆ ਹੇਠ ਕੀਤੀਆਂ ਜਾਂਦੀਆਂ ਹਨ।ਇਹ ਪ੍ਰਬੰਧ ਪਾਕਿਸਤਾਨੀ ਅਧਿਕਾਰੀਆਂ ਨੂੰ ਉਨ੍ਹਾਂ ਦੇ ਮੌਜੂਦਾ ਸਥਿਤੀ ਬਾਰੇ ਵਿਆਪਕ ਜਾਣਕਾਰੀ ਰੱਖਣ ਦੇ ਯੋਗ ਬਣਾਉਂਦੇ ਹਨ। ਜੇਕਰ, ਜਿਵੇਂ ਕਿ ਕੁਝ ਪੁਲਿਸ ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ, ਇਹ ਸੁਰੱਖਿਆ ਉਪਾਅ ਚੀਨੀ ਸਰਕਾਰ ਦੀ ਬੇਨਤੀ 'ਤੇ ਲਾਗੂ ਕੀਤੇ ਗਏ ਹਨ, ਤਾਂ ਇਸ ਤੋਂ ਇਹ ਅਰਥ ਨਿਕਲਦਾ ਹੈ ਕਿ ਬੀਜਿੰਗ ਨੂੰ ਇਸ ਗੱਲ 'ਤੇ ਕੋਈ ਇਤਰਾਜ਼ ਨਹੀਂ ਹੈ ਕਿ ਪਾਕਿਸਤਾਨੀ ਰਾਜ ਕੋਲ ਆਪਣੇ ਨਾਗਰਿਕਾਂ ਦੀਆਂ ਗਤੀਵਿਧੀਆਂ ਅਤੇ ਆਵਾਜਾਈ ਬਾਰੇ ਵਿਸਤ੍ਰਿਤ ਜਾਣਕਾਰੀ ਹੋਵੇ। ਦਰਅਸਲ, ਇਸ ਨੂੰ ਚੀਨੀ ਪਾਰਟੀ-ਰਾਜ ਦੇ ਆਪਣੇ ਨਾਗਰਿਕਾਂ 'ਤੇ ਉੱਚ ਪੱਧਰੀ ਨਿਗਰਾਨੀ ਅਤੇ ਨਿਯੰਤਰਣ ਬਣਾਈ ਰੱਖਣ ਦੇ ਵਿਆਪਕ ਅਭਿਆਸ ਦਾ—ਚੀਨ ਦੀਆਂ ਖੇਤਰੀ ਸੀਮਾਵਾਂ ਤੋਂ ਬਾਹਰ—ਇੱਕ ਵਿਸਤਾਰ ਵਜੋਂ ਵੀ ਵਿਆਖਿਆ ਕੀਤੀ ਜਾ ਸਕਦੀ ਹੈ।
ਪਾਕਿਸਤਾਨ ਵਿੱਚ ਚੀਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅੱਤਵਾਦੀ ਹਮਲਿਆਂ ਨੇ, ਜਿੱਥੇ ਇੱਕ ਪਾਸੇ ਗੰਭੀਰ ਸੁਰੱਖਿਆ ਖ਼ਤਰੇ ਪੈਦਾ ਕੀਤੇ ਹਨ, ਉੱਥੇ ਹੀ ਦੂਜੇ ਪਾਸੇ ਨਿਗਰਾਨੀ ਅਤੇ ਸ਼ਾਸਨ ਪ੍ਰਣਾਲੀ ਦੇ ਵਿਸਤਾਰ ਲਈ ਇੱਕ ਪ੍ਰੇਰਕ ਤੱਤ ਦਾ ਵੀ ਰੂਪ ਧਾਰ ਲਿਆ ਹੈ। ਇੱਕ ਪਾਸੇ, ਚੀਨੀ ਨਾਗਰਿਕ ਚੀਨ ਅਤੇ ਪਾਕਿਸਤਾਨ ਵਿਚਕਾਰ ਨਜ਼ਦੀਕੀ ਰਾਜਨੀਤਿਕ ਅਤੇ ਆਰਥਿਕ ਸਬੰਧਾਂ ਕਾਰਨ ਨਿਸ਼ਾਨਾ ਬਣ ਗਏ ਹਨ, ਜੋ ਉਨ੍ਹਾਂ ਨੂੰ ਦਰਪੇਸ਼ ਅਸਲ ਸੁਰੱਖਿਆ ਖ਼ਤਰਿਆਂ ਨੂੰ ਦਰਸਾਉਂਦਾ ਹੈ।ਦੂਜੇ ਪਾਸੇ, ਇਨ੍ਹਾਂ ਸੁਰੱਖਿਆ ਖ਼ਤਰਿਆਂ ਨੇ ਰੱਖਿਆਤਮਕ ਪ੍ਰਬੰਧਾਂ ਅਤੇ ਨਿਗਰਾਨੀ ਤੰਤਰਾਂ ਦੇ ਹੋਰ ਵਿਸਤਾਰ ਨੂੰ ਹੋਰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ ਹੈ। ਇਸ ਅਰਥ ਵਿੱਚ, ਜਿਸ ਚੀਜ਼ ਨੂੰ ਆਮ ਤੌਰ 'ਤੇ ਸਿਰਫ਼ ਇੱਕ ਖ਼ਤਰੇ ਦੇ ਸਰੋਤ ਵਜੋਂ ਸਮਝਿਆ ਜਾਂਦਾ ਹੈ, ਉਹ ਅਸਲ ਵਿੱਚ ਸ਼ਾਸਨ ਅਤੇ ਨਿਯੰਤਰਣ ਦੇ ਵਿਸਤਾਰ ਲਈ ਇੱਕ ਪ੍ਰੇਰਕ ਸ਼ਕਤੀ ਵਜੋਂ ਮੁੜ-ਰੂਪਾਂਤਰਿਤ ਹੋ ਜਾਂਦੀ ਹੈ। ਚੀਨੀ ਸਰਕਾਰ ਲਈ, ਅਜਿਹੀ ਸਥਿਤੀ ਉਸਨੂੰ ਦੋਪੱਖੀ ਜਾਂ ਅੰਤਰਰਾਸ਼ਟਰੀ ਸੁਰੱਖਿਆ ਸਹਿਯੋਗ ਦੇ ਨਾਮ ਹੇਠ ਆਪਣੀਆਂ ਨਿਗਰਾਨੀ ਤਕਨਾਲੋਜੀਆਂ ਅਤੇ ਸ਼ਾਸਨ ਮਾਡਲਾਂ ਨੂੰ ਆਪਣੀਆਂ ਸਰਹੱਦਾਂ ਤੋਂ ਬਾਹਰ ਤੱਕ ਵਿਸਤਾਰ ਕਰਨ ਨੂੰ ਉਤਸ਼ਾਹਿਤ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ।
ਇਨ੍ਹਾਂ ਸਾਰੀਆਂ ਗਤੀਸ਼ੀਲਤਾਵਾਂ ਨੂੰ ਇਕੱਠਿਆਂ ਵੇਖਿਆ ਜਾਵੇ ਤਾਂ ਇਹ ਗਤੀਵਿਧੀਆਂ ਦਰਸਾਉਂਦੀਆਂ ਹਨ ਕਿ ਚੀਨ–ਪਾਕਿਸਤਾਨ ਦੇ ਨਜ਼ਦੀਕੀ ਸੰਬੰਧ ਨਾ ਸਿਰਫ਼ ਚੀਨੀ ਨਾਗਰਿਕਾਂ ਨੂੰ ਸੁਰੱਖਿਆ ਖ਼ਤਰਿਆਂ ਦੇ ਸਾਹਮਣੇ ਲਿਆਉਂਦੇ ਹਨ, ਸਗੋਂ ਚੀਨੀ ਰਾਜ ਨੂੰ ਉਨ੍ਹਾਂ ਉੱਤੇ ਹੋਰ ਵੱਧ ਨਿਗਰਾਨੀ ਅਤੇ ਨਿਯੰਤਰਣ ਕਾਇਮ ਕਰਨ ਦੇ ਯੋਗ ਵੀ ਬਣਾਉਂਦੇ ਹਨ। ਇਸ ਅਰਥ ਵਿੱਚ, ਬਹੁਤ ਪ੍ਰਸਿੱਧ "ਆਇਰਨ ਬ੍ਰਦਰ" (ਲੋਹੇ ਵਰਗੇ ਭਰਾਵਾਂ ਵਾਲੀ) ਦੋਸਤੀ, ਚੀਨੀ ਨਾਗਰਿਕਾਂ ਲਈ, ਏਕਤਾ ਅਤੇ ਆਪਸੀ ਸਹਿਯੋਗ ਦੇ ਪ੍ਰਤੀਕ ਨਾਲੋਂ ਘੱਟ ਅਤੇ ਸਰਹੱਦਾਂ ਤੋਂ ਪਰੇ ਫੈਲੀ ਨਿਗਰਾਨੀ ਅਤੇ ਪਾਬੰਦੀਆਂ ਦੇ ਇੱਕ "ਲੋਹੇ ਦੇ ਪਿੰਜਰੇ" ਵਜੋਂ ਵੱਧ ਕੰਮ ਕਰਦੀ ਦਿਖਾਈ ਦਿੰਦੀ ਹੈ।
ਇਸ ਦੇ ਨਾਲ ਹੀ, ਪਾਕਿਸਤਾਨੀ ਸਰਕਾਰ ਵੱਲੋਂ ਵਾਧੂ ਕਾਨੂੰਨੀ ਢਾਂਚੇ ਲਾਗੂ ਕੀਤੇ ਜਾਣ ਦੇ ਨਤੀਜੇ ਵਜੋਂ, ਚੀਨੀ ਸ਼ੈਲੀ ਦੇ ਨਿਗਰਾਨੀ ਤੰਤਰ ਹੁਣ ਸਿਰਫ਼ ਪਾਕਿਸਤਾਨ ਵਿੱਚ ਰਹਿ ਰਹੇ ਚੀਨੀ ਨਾਗਰਿਕਾਂ ਤੱਕ ਹੀ ਸੀਮਿਤ ਨਹੀਂ ਰਹਿੰਦੇ, ਸਗੋਂ ਉਨ੍ਹਾਂ ਦਾ ਦਾਇਰਾ ਸਥਾਨਕ ਆਬਾਦੀ ਅਤੇ ਹੋਰ ਵਿਦੇਸ਼ੀ ਸਮੂਹਾਂ ਤੱਕ ਵੀ ਫੈਲ ਸਕਦਾ ਹੈ। ਇਸ ਤਰ੍ਹਾਂ, ਚੀਨ ਨੂੰ ਆਪਣੀਆਂ ਸਰਹੱਦਾਂ ਤੋਂ ਬਾਹਰ ਡਿਜ਼ਿਟਲ ਸ਼ਾਸਨ ਅਤੇ ਜਾਣਕਾਰੀ ਉੱਤੇ ਨਿਯੰਤਰਣ ਦੇ ਖੇਤਰਾਂ ਵਿੱਚ ਆਪਣੀ ਰਣਨੀਤਿਕ ਸਥਿਤੀ ਹੋਰ ਮਜ਼ਬੂਤ ਕਰਨ ਵਿੱਚ ਸਹਾਇਤਾ ਮਿਲਦੀ ਹੈ।
ENDNOTES
[i] The videos referenced in this article are available with the author and can be shared on request.
[ii] “中方坚决反对一切形式的恐怖主义” (Zhongfang jianjue fandui yiqie xingshi de kongbu zhuyi).
[iii] “中巴铁杆友谊牢不可破” (Zhong-Ba tiegan youyi laobukepo).
[iv] “中方将继续坚定支持巴方反恐努力,切实保障在巴中国公民、机构和项目的安全” (Zhongfang jiang jixu jianding zhichi Bafang fankong nuli, qieshi baozhang zai Ba Zhongguo gongmin, jigou he xiangmu de anquan).
[v] “中方坚定支持巴方反恐努力,坚决维护海外中国公民、机构和项目安全。中巴双方有决心、有能力让恐怖分子付出应有代价” (Zhongfang jianding zhichi Bafang fankong nuli, jianjue weihu haiwai Zhongguo gongmin, jigou he xiangmu anquan. Zhong-Ba shuangfang you juexin, you nengli rang kongbu fenzi fuchu yingyou daijia).
[vi] “中国人的安全第一” (Zhongguoren de anquan diyi).
[vii] “‘是你们国家要求我们保护你们的’这些是他们的原话” (‘shi nimen guojia yaoqiu women baohu nimen de’ zhexie shi tamen de yuanhua).
[viii] “巴铁是真的铁” (Batie shi zhende tie).
[ix] “中巴友谊长存” (Zhong-Ba youyi zhangcun).
[x] “你只能在屋里待着” (ni zhineng zai wuli dai zhe).
REFERENCES
ARTICLE 19. (2025, February). ‘Cybersecurity with Chinese Characteristics: Digital Governance in the Indo-Pacific and the Taiwanese Alternative’. https://www.article19.org/wp-content/uploads/2025/02/cybersecurity-with-chinese-characteristics.pdf
Basit, A. (2022, July 1). ‘The Majeed Brigade: The Baluch Liberation Army’s Suicide Squad’. Terrorism Monitor. 20 (13). https://jamestown.org/the-majeed-brigade-the-baluch-liberation-armys-suicide-squad/
BBC News Chinese. (2018, November 23). ‘Bajisitan Kalaqi Zhongguo zonglingguan zao xiji guannei wuyang’ (巴基斯坦卡拉奇中國總領館遭襲 館內無恙) [Chinese Consulate in Karachi, Pakistan Attacked, Staff Safe]. https://www.bbc.com/zhongwen/trad/chinese-news-46313505
BBC News Chinese. (2021a, April 22). ‘Bajisitan haohua jiudian fasheng baozha Zhongguo dashi xianxie yuxi’ (巴基斯坦豪華酒店發生爆炸 中國大使險些遇襲) [Explosion at Luxury Hotel in Pakistan, Chinese Ambassador Narrowly Escapes Attack]. https://www.bbc.com/zhongwen/trad/world-56842392
BBC News Chinese. (2021b, July 14). ‘Bajisitan zhongqi banche baozha zhuigu jiuming Zhongguo gongmin yunan’ (巴基斯坦中企班車爆炸墜谷 九名中國公民遇難) [Bus Carrying Chinese Workers in Pakistan Explodes, Nine Chinese Citizens Killed]. https://www.bbc.com/zhongwen/trad/world-57836620
BBC News Chinese. (2022, April 27). ‘Bajisitan Kalaqi Kongzi xueyuan zao xiji sanming Zhongguo laoshi yunan’ (巴基斯坦卡拉奇孔子學院遭襲擊 三名中國老師遇難) [Confucius Institute in Karachi, Pakistan Attacked, Three Chinese Teachers Killed]. https://www.bbc.com/zhongwen/trad/world-61239431
BBC News Chinese. (2024, March 28). ‘Zhong-Ba jingji zoulang: Zhongguoren weihe chengwei xiji mubiao? Shei zuzhile zhexie xiji?’ (中巴經濟走廊:中國人為何成為襲擊目標?誰組織了這些襲擊?) [China-Pakistan Economic Corridor: Why are Chinese people becoming targets of attacks? Who organized these attacks?]. https://www.bbc.com/zhongwen/trad/world-68681642
DW Chinese. (2024, October 7). ‘Duo ci xiji Zhongguoren de “Biluzhi jiefangjun” jiuqing shi shenme zuzhi?’ (多次襲擊中國人的「俾路支解放軍」究竟是什麼組織?) [What kind of organization is the Balochistan Liberation Army that has repeatedly attacked Chinese people?]. https://www.dw.com/zh-hant/多次襲擊中國人的俾路支解放軍究竟是什麼組織/a-66703689
HKCNA. (2024, May 29). ‘Xiji Zhongguoren de Bajisitan Taliban he Afuhan you guanxi ma?’ (襲擊中國人的巴基斯坦塔利班和阿富汗有關係嗎?) [Are the Pakistani Taliban who attack Chinese people connected to Afghanistan?]. https://www.hkcna.hk/h5/docDetail.jsp?channel=0&id=100688683
Ministry of Foreign Affairs of the People’s Republic of China. (2022a, April 27). ‘2022 nian 4 yue 27 ri waijiaobu fayanren Wang Wenbin zhuchi lixing jizhe hui’ (2022年4月27日外交部发言人汪文斌主持例行记者会) [Foreign Ministry Spokesperson Wang Wenbin’s Regular Press Conference on April 27, 2022]. https://www.fmprc.gov.cn/fyrbt_673021/202204/t20220427_10674571.shtml
Ministry of Foreign Affairs of the People’s Republic of China. (2022b, November 15). ‘2022 nian 11 yue 15 ri waijiaobu fayanren Mao Ning zhuchi lixing jizhe hui’ (2022年11月15日外交部发言人毛宁主持例行记者会) [Foreign Ministry spokesperson Mao Ning’s Regular Press Conference on November 15, 2022]. https://www.mfa.gov.cn/fyrbt_673021/202211/t20221115_10975570.shtml
Ministry of Foreign Affairs of the People’s Republic of China. (2024, March 27). ‘2024 nian 3 yue 27 ri waijiaobu fayanren Lin Jian zhuchi lixing jizhe hui’ (2024年3月27日外交部发言人林剑主持例行记者会) [Foreign Ministry spokesperson Lin Jian’s Regular Press Conference on March 27, 2024]. https://www.mfa.gov.cn/web/fyrbt_673021/202403/t20240327_11271789.shtml
Ministry of Foreign Affairs of the People’s Republic of China. (2026, February 3). “Waijiaobu: jiang yiru jiwang jianding zhichi Bajisitan daji kongbu zhuyi” (外交部:将一如既往坚定支持巴基斯坦打击恐怖主义) [Foreign Ministry: China Will Continue to Firmly Support Pakistan in Combating Terrorism]. https://www.news.cn/world/20260203/ec22e945720d44af91458cfcbcfbd5b1/c.html
Nawab, S., Shahid, Q. U. A., Liaqat, B. B., & Mustafa, G. (2025). ‘China-Pakistan Economic Corridor: A case study of internal security challenge faced by Pakistan’. Journal of Social & Organizational Matters. 4(1), 1-14. https://www.researchgate.net/publication/388361399_China-Pakistan_Economic_Corridor_A_Case_Study_of_Internal_Security_Challenge_Faced_by_Pakistan
Patil, S., & Gupta, P. (2025, September). ‘The Digital Silk Road and smart city networks in the Indo-Pacific: A primer’. ORF Special Report. No. 275. Observer Research Foundation. https://www.orfonline.org/research/the-digital-silk-road-and-smart-city-networks-in-the-indo-pacific-a-primer
Verma, A., Baloch, I., & Valle, R. (2025, April). ‘The Baloch insurgency in Pakistan: Evolution, tactics, and regional security implications’. Combating Terrorism Center at West Point. https://ctc.westpoint.edu/the-baloch-insurgency-in-pakistan-evolution-tactics-and-regional-security-implications/
Xiu, G. (2021). ‘Zhong-Ba jingji zoulang mianlin de anquan fengxian he yingdui sikao’ (中巴经济走廊面临的安全风险和应对思考) [Security risks and responses facing the China-Pakistan Economic Corridor]. Zhongguo Guoji Zhanlue Pinglun (中国国际战略评论) [China International Strategy Review], 44-61. https://www.iiss.pku.edu.cn/__local/E/98/4F/54F54D62A2095BCB93BF912ED03_C114850B_16EAD4.pdf
About the Author: ਸ਼ਿਹ-ਟਿੰਗ ਲਿਨ,ਸ਼ਿਵ ਨਾਡਰ ਯੂਨੀਵਰਸਿਟੀ, ਦਿੱਲੀ ਐਨ.ਸੀ.ਆਰ. ਦੇ ਸਕੂਲ ਆਫ਼ ਹਿਊਮੈਨਿਟੀਜ਼ ਐਂਡ ਸੋਸ਼ਲ ਸਾਇੰਸਜ਼ ਵਿੱਚ ਅੰਤਰਰਾਸ਼ਟਰੀ ਸੰਬੰਧ ਅਤੇ ਸ਼ਾਸਨ ਅਧਿਐਨ ਵਿਭਾਗ (ਡਿਪਾਰਟਮੈਂਟ ਆਫ਼ ਇੰਟਰਨੈਸ਼ਨਲ ਰਿਲੇਸ਼ਨਜ਼ ਐਂਡ ਗਵਰਨੈਂਸ ਸਟੱਡੀਜ਼) ਵਿੱਚ ਮੰਦਾਰਿਨ ਭਾਸ਼ਾ ਦੀ ਅਧਿਆਪਕਾ ਹਨ।